ਮੱਥਾ ਟੇਕ ਕੇ ਵਾਪਸ ਆ ਰਹੇ 2 ਸ਼ਰਧਾਲੂਆਂ ਦੀ ਭਾਖੜਾ ਨਹਿਰ 'ਚ ਡੁੱਬਣ ਨਾਲ ਮੌਤ
Monday, May 20, 2019 - 02:33 PM (IST)

ਮਾਨਸਾ (ਸੰਦੀਪ ਮਿੱਤਲ) : ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ 2 ਸ਼ਰਧਾਲੂਆਂ ਦੀ ਭਾਖੜਾ ਨਹਿਰ 'ਚ ਡੁੱਬ ਜਾਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਜਦੋਂ ਕਿ ਇਕ ਵਿਅਕਤੀ ਦੀ ਲਾਸ਼ ਮਿਲ ਗਈ ਅਤੇ ਦੂਜੇ ਦੀ ਭਾਲ ਜਾਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਸਿਰਸਾ ਤੋਂ 30 ਸ਼ਰਧਾਲੂਆਂ ਦਾ ਜਥਾ ਪ੍ਰਸਿੱਧ ਧਾਰਮਕ ਸਥਾਨ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਮਾਨਸਾ ਜ਼ਿਲੇ ਦੇ ਪਿੰਡ ਫੱਤਾ ਮਾਲੋਕਾ ਕੋਲੋਂ ਲੰਘਦੀ ਭਾਖੜਾ ਨਹਿਰ ਕੋਲ ਰੁਕਣ 'ਤੇ ਅਚਾਨਕ ਪਾਣੀ ਪੀਣ ਸਮੇਂ ਸ਼ਿਵ ਕੁਮਾਰ ਪੁੱਤਰ ਮਨੂੰ ਕੁਮਾਰ ਵਾਸੀ ਸਿਰਸਾ (ਹਰਿਆਣਾ) ਦਾ ਪੈਰ ਫਿਸਲ ਜਾਣ ਕਾਰਣ ਪਾਣੀ 'ਚ ਰੁੜ੍ਹ ਗਿਆ।
ਉਸ ਨੂੰ ਬਚਾਉਣ ਲਈ ਆਈ ਇਕ ਔਰਤ ਅਤੇ ਦੋ ਹੋਰ ਵਿਅਕਤੀ ਵੀ ਨਹਿਰ 'ਚ ਰੁੜ੍ਹ ਗਏ। ਰੌਲਾ ਪੈਣ 'ਤੇ ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਇਕ ਔਰਤ ਅਤੇ ਇਕ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਦੋ ਵਿਅਕਤੀ ਨਹਿਰ ਦੇ ਪਾਣੀ 'ਚ ਡੁੱਬ ਗਏ। ਇਸ ਮੌਕੇ ਪਹੁੰਚੇ ਸਿਵਲ ਅਤੇ ਪੁਲਸ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਗੋਤਾਖੋਰਾਂ ਦੀ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਸ਼ਿਵ ਕੁਮਾਰ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਥਾਣਾ ਮੁਖੀ ਝੁਨੀਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਦੂਜੇ ਵਿਅਕਤੀ ਡਾਗੀ ਕੁਮਾਰ ਪੁੱਤਰ ਹੈਪੀ ਕੁਮਾਰ ਵਾਸੀ ਸਿਰਸਾ ਨੂੰ ਲੱਭਣ ਲਈ ਪ੍ਰਸ਼ਾਸਨ ਅਤੇ ਗੋਤਾਖੋਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸ. ਡੀ. ਐੱਮ. ਸਰਦੂਲਗੜ੍ਹ ਲਤੀਫ ਅਹਿਮਦ ਅਤੇ ਡੀ. ਐੱਸ. ਪੀ. ਸੰਜੀਵ ਗੋਇਲ ਨੇ ਭਾਖੜਾ ਨਹਿਰ 'ਚ ਡੁੱਬ ਕੇ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।