ਗਰਦਨ ’ਚ ਦਰਦ ਕਾਰਣ ਭਰਤੀ ਕਰਵਾਇਆ ਨੌਜਵਾਨ, ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ
Friday, Feb 12, 2021 - 04:25 PM (IST)
ਚੰਡੀਗੜ੍ਹ (ਪਾਲ) : ਜੀ. ਐੱਮ. ਐੱਸ. ਐੱਚ.-16 ਵਿਚ ਨੌਜਵਾਨ ਦੀ ਮੌਤ ਤੋਂ ਬਾਅਦ ਡਾਕਟਰਾਂ ’ਤੇ ਲਾਪ੍ਰਵਾਹੀ ਦੇ ਦੋਸ਼ ਲੱਗੇ ਹਨ। ਸੈਕਟਰ-56 ਨਿਵਾਸੀ ਹਰੀਸ਼ ਚੰਦਰ ਤਿਵਾੜੀ ਨੂੰ ਗਰਦਨ ਵਿਚ ਦਰਦ ਕਾਰਣ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮ੍ਰਿਤਕ ਦੇ ਪਿਤਾ ਰਾਮ ਦੇਵ ਤਿਵਾੜੀ ਦਾ ਦੋਸ਼ ਹੈ ਕਿ ਹਸਪਤਾਲ ਵਿਚ ਜਦੋਂ ਬੇਟੇ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ ਤਾਂ ਸੀਨੀਅਰ ਡਾਕਟਰ ਨੂੰ ਵਾਰ-ਵਾਰ ਬੇਨਤੀ ਦੇ ਬਾਵਜੂਦ ਉਨ੍ਹਾਂ ਨੇ ਜੂਨੀਅਰ ਡਾਕਟਰ ਨੂੰ ਚੈਕਅਪ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ : ਲੜਕੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਸ ਨੇ ਰੁਕਵਾਇਆ ਸਸਕਾਰ, ਕਰਵਾਇਆ ਪੋਸਟਮਾਰਟਮ
2 ਘੰਟੇ ਤੱਕ ਆਕਸੀਜਨ ਦੀ ਵਿਵਸਥਾ ਨਹੀਂ ਹੋ ਸਕੀ
ਜਦੋਂ ਜੂਨੀਅਰ ਡਾਕਟਰ ਨੇ ਆਕਸੀਜਨ ਲਾਉਣ ਦੀ ਜ਼ਰੂਰਤ ਦੱਸੀ ਤਾਂ ਮੌਕੇ ’ਤੇ ਆਕਸੀਜਨ ਦੀ ਵਿਵਸਥਾ ਹੀ ਨਹੀਂ ਸੀ। ਜਦੋਂ ਇਹ ਗੱਲ ਸੀਨੀਅਰ ਡਾਕਟਰ ਨੂੰ ਦੱਸੀ ਤਾਂ ਵੀ 2 ਘੰਟੇ ਤੱਕ ਆਕਸੀਜਨ ਦੀ ਵਿਵਸਥਾ ਨਹੀਂ ਹੋ ਸਕੀ। ਇਸ ਕਾਰਣ ਨੌਜਵਾਨ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਸੁਚੇਤ ਹੋ ਕੇ ਕੰਮ ਕਰਦਾ ਤਾਂ ਉਨ੍ਹਾਂ ਦੇ ਘਰ ਦਾ ਚਿਰਾਗ ਨਾ ਬੁਝਦਾ। ਉਨ੍ਹਾਂ ਨੇ ਇਸ ਘਟਨਾ ਲਈ ਡਾਕਟਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਹੋ ਸਕੇ ਅਤੇ ਉਨ੍ਹਾਂ ਨੂੰ ਵੀ ਇਨਸਾਫ਼ ਮਿਲੇ।
ਇਹ ਵੀ ਪੜ੍ਹੋ : ਦੀਪ ਸਿੱਧੂ ਤੋਂ ਬਾਅਦ ਹੁਣ ਲੱਖਾ ਸਿਧਾਣਾ ਤੇ ਜੁਗਰਾਜ ਦੀ ਭਾਲ, ਮਿਲੇ ਅਹਿਮ ਸੁਰਾਗ
ਪਰਿਵਾਰ ਨੇ ਕੀਤਾ ਪ੍ਰਦਰਸ਼ਨ
ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਮੰਤਰੀ ਸ਼ਸ਼ੀ ਸ਼ੰਕਰ ਤਿਵਾੜੀ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਲਈ ਅਤੇ ਡਾਕਟਰ ਖਿਲਾਫ ਲਿਖਤੀ ਸ਼ਿਕਾਇਤ ਸੈਕਟਰ- 17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਅਤੇ ਡਾਇਰੈਕਟਰ ਅਮਨਦੀਪ ਕੰਗ ਨੂੰ ਦਿੱਤੀ। ਉਨ੍ਹਾਂ ਨੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੋਨਾਂ ਅਫਸਰਾਂ ਨੇ ਭਰੋਸਾ ਦਿੱਤਾ ਕਿ ਪੂਰੇ ਕੇਸ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ। ਇਸਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਕਾਫ਼ੀ ਗਿਣਤੀ ਵਿਚ ਹਸਪਤਾਲ ਪਹੁੰਚ ਗਏ ਅਤੇ ਸ਼ਸ਼ੀ ਸ਼ੰਕਰ ਤਿਵਾੜੀ ਦੇ ਅਗਵਾਈ ਵਿਚ ਪ੍ਰਦਰਸ਼ਨ ਵੀ ਕੀਤਾ। ਤਿਵਾੜੀ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਉਨ੍ਹਾਂ ਨੇ ਚੰਡੀਗੜ ਪ੍ਰਸ਼ਾਸਕ ਤੋਂ ਵੀ ਮੰਗ ਕੀਤੀ ਕਿ ਦੋਸ਼ੀ ਡਾਕਟਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਕੈਪਟਨ ’ਤੇ ਹਰ ਪੰਜਾਬੀ ਕਰਦੈ ਭਰੋਸਾ : ਬ੍ਰਹਮ ਮਹਿੰਦਰਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ