ਸਮਰਾਟ ਕਾਲੋਨੀ ''ਚ ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ ''ਚ ਤੀਜੀ ਮੌਤ

Saturday, Apr 28, 2018 - 04:42 AM (IST)

ਸਮਰਾਟ ਕਾਲੋਨੀ ''ਚ ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ ''ਚ ਤੀਜੀ ਮੌਤ

ਲੁਧਿਆਣਾ(ਰਿਸ਼ੀ)-ਵੀਰਵਾਰ ਸਵੇਰੇ ਫੋਕਲ ਪੁਆਇੰਟ ਦੀ ਸਮਰਾਟ ਕਾਲੋਨੀ 'ਚ ਗੈਸ ਪਾਈਪ ਲੀਕ ਹੋਣ ਤੋਂ ਬਾਅਦ ਫਟੇ ਸਿਲੰਡਰ ਦੇ ਮਾਮਲੇ 'ਚ ਦੇਰ ਰਾਤ ਮਾਂ-ਪੁੱਤਰ ਦੀ ਮੌਤ ਦੇ ਬਾਅਦ ਸ਼ੁੱਕਰਵਾਰ ਸਵੇਰੇ ਗੁਆਂਢ ਵਿਚ ਰਹਿਣ ਵਾਲੀ ਇਕ ਹੋਰ ਔਰਤ ਸ਼ਸ਼ੀਕਾਂਤ ਦੀ ਮੌਤ ਹੋ ਗਈ, ਜਦੋਂਕਿ ਉਸ ਦੇ ਪਤੀ ਯਸ਼ਵੰਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ 'ਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਪੀ. ਜੀ. ਆਈ., ਚੰਡੀਗੜ੍ਹ ਰੈਫਰ ਹੋਏ ਦੋਵੇਂ ਜ਼ਖ਼ਮੀਆਂ ਦੀ ਹਾਲਤ ਦੇਖਦੇ ਹੋਏ ਫਰੀਦਕੋਟ ਮੈਡੀਕਲ ਸਾਇੰਸ ਕਾਲਜ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਬਾਅਦ ਦੁਪਹਿਰ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਬਿੱਟੂ, ਵਿਧਾਇਕ ਸੰਜੇ ਤਲਵਾੜ ਪਹਿਲਾਂ ਸਿਵਲ ਹਸਪਤਾਲ ਫਿਰ ਸੀ. ਐੱਮ. ਸੀ. ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜੇਕਰ ਕਿਸੇ ਵਿਅਕਤੀ ਦਾ ਦੋਸ਼ ਸਾਹਮਣੇ ਆਇਆ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਰੇ ਜ਼ਖ਼ਮੀਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਯਾਦਵ ਦੇ ਨੁਕਸਾਨੇ ਘਰ ਦੀ ਮੁਰੰਮਤ ਸਰਕਾਰ ਵੱਲੋਂ ਕਰਵਾਈ ਜਾਵੇਗੀ। 
ਇਸ ਦੇ ਨਾਲ ਘਟਨਾ 'ਚ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਦੌਰਾਨ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਤੇ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਵੀ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।


Related News