ਸ਼ੱਕੀ ਹਾਲਤ ''ਚ ਮਿਲੇ ਦੋ ਨੌਜਵਾਨ, ਇਕ ਦੀ ਮੌਤ
Saturday, Dec 09, 2017 - 01:50 AM (IST)
ਜ਼ੀਰਾ(ਗੁਰਮੇਲ, ਅਕਾਲੀਆਂ ਵਾਲਾ)—ਪਿੰਡ ਕੱਚਰਭੰਨ ਨਜ਼ਦੀਕ ਭੇਤਭਰੀ ਹਾਲਤ 'ਚ ਮਿਲੇ ਦੋ ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਜਾਣ ਕਰ ਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ, ਜਦਕਿ ਘਟਨਾ ਸਥਾਨ 'ਤੇ ਮਿਲੇ ਨਸ਼ੀਲੇ ਪਦਾਰਥਾਂ ਕਰ ਕੇ ਪੁਲਸ ਇਸ ਮਾਮਲੇ ਨੂੰ ਨਸ਼ੇ ਨਾਲ ਜੋੜ ਕੇ ਦੇਖ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੱਚਰਭੰਨ ਤੋਂ ਪਿੰਡ ਮੀਹਾਂ ਸਿੰਘ ਵਾਲਾ ਵੱਲ ਜਾਂਦੇ ਰਾਹ 'ਤੇ ਇਕ ਕਾਰ ਖੜ੍ਹੀ ਮਿਲੀ, ਜਿਸ 'ਚੋਂ ਸੁਖਪ੍ਰੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਮਣਕਿਆਂ ਵਾਲੀ ਦੀ ਲਾਸ਼ ਬਰਾਮਦ ਹੋਈ। ਮੌਕੇ 'ਤੇ ਪੁੱਜੇ ਖੋਸਾ ਦਲ ਸਿੰਘ ਚੌਕੀ ਦੇ ਏ. ਐੱਸ. ਆਈ. ਲਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਨੇੜਿਓਂ ਸਰਿੰਜ ਅਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਇਸੇ ਤਰ੍ਹਾਂ ਕੱਚਰਭੰਨ ਤੋਂ ਸ਼ੀਹਣੀ ਸਾਹਿਬ ਗੁਰਦੁਆਰਾ ਸਾਹਿਬ ਵੱਲ ਜਾਂਦੇ ਰਾਹ ਨੇੜਿਓਂ ਵੀ ਇਕ ਨੌਜਵਾਨ ਜਗਜੀਤ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਪਿੰਡ ਸਨ੍ਹੇਰ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ, ਜਿਸ ਦੇ ਨੇੜਿਓਂ ਵੀ ਸਰਿੰਜਾਂ ਤੇ ਨਸ਼ੀਲੇ ਪਦਾਰਥ ਮਿਲੇ ਹਨ। ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਥਾਣਾ ਸਦਰ ਜ਼ੀਰਾ ਪੁਲਸ ਦੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਮਿਲੇ ਨਸ਼ੀਲੇ ਪਦਾਰਥਾਂ ਕਰ ਕੇ ਘਟਨਾ ਨਸ਼ੇ ਨਾਲ ਜੁੜੀ ਲੱਗਦੀ ਹੈ ਪਰ ਉਕਤ ਨੌਜਵਾਨ ਦੇ ਹੋਸ਼ ਵਿਚ ਆਉਣ 'ਤੇ ਹੀ ਸਾਰੀ ਵਾਰਦਾਤ ਬਾਰੇ ਕੁਝ ਕਿਹਾ ਜਾ ਸਕੇਗਾ, ਜਦਕਿ ਡਾਕਟਰਾਂ ਵੱਲੋਂ ਨੌਜਵਾਨ ਦੇ ਜ਼ਿਆਦਾ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਕਤ ਗੰਭੀਰ ਨੌਜਵਾਨ ਨੂੰ ਬਿਹਤਰ ਇਲਾਜ ਲਈ ਜ਼ੀਰਾ ਹਸਪਤਾਲ ਤੋਂ ਮੋਗਾ ਭੇਜ ਦਿੱਤਾ ਗਿਆ ਹੈ।
