ਸਿਵਲ ਹਸਪਤਾਲ ਖੰਨਾ ਦੇ ਡਾਕਟਰਾਂ ਵੱਲੋਂ ਇਕ ਹੋਰ ਲਾਪ੍ਰਵਾਹੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਔਰਤ ਦੀ ਮੌਤ

Sunday, Nov 05, 2017 - 03:48 AM (IST)

ਸਿਵਲ ਹਸਪਤਾਲ ਖੰਨਾ ਦੇ ਡਾਕਟਰਾਂ ਵੱਲੋਂ ਇਕ ਹੋਰ ਲਾਪ੍ਰਵਾਹੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਔਰਤ ਦੀ ਮੌਤ

ਖੰਨਾ(ਸੁਨੀਲ)-ਖੰਨਾ ਸ਼ਹਿਰ ਦਾ ਸਿਵਲ ਹਸਪਤਾਲ ਹਮੇਸ਼ਾ ਹੀ ਕਿਸੇ ਨਾ ਕਿਸੇ ਚਰਚਾ 'ਚ ਰਹਿਣ ਦਾ ਆਦਿ ਬਣ ਗਿਆ ਹੈ। ਅਜਿਹਾ ਹੀ ਇਕ ਹੋਰ ਵਾਕਿਆ ਅੱਜ ਇਸਦੇ ਇਤਿਹਾਸ 'ਚ ਉਸ ਸਮੇਂ ਜੁੜ ਗਿਆ, ਜਦੋਂ ਇਕ ਨੌਜਵਾਨ ਔਰਤ ਦੀ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਧੂਬਾਲਾ ਵਾਸੀ ਖੰਨਾ ਨੇ ਦੱਸਿਆ ਕਿ ਉਸਦੀ ਧੀ ਗੀਤਾ ਰਾਣੀ (28) ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਵਿਨੈ ਭਾਟੀਆ ਵਾਸੀ ਅੰਮ੍ਰਿਤਸਰ ਦੇ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਉਸਦੀ ਲੜਕੀ ਗੀਤਾ ਗਰਭਵਤੀ ਹੋਣ ਕਾਰਨ ਖੰਨਾ ਆਪਣੇ ਪੇਕੇ ਆਈ ਹੋਈ ਸੀ ਅਤੇ ਬੀਤੇ ਦਿਨ ਉਸਨੂੰ ਦਰਦ ਹੋਣ 'ਤੇ 12 ਵਜੇ ਦੁਪਹਿਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਧੂਬਾਲਾ ਨੇ ਦੱਸਿਆ ਕਿ ਉਸ ਸਮੇਂ ਹਸਪਤਾਲ 'ਚ ਇਕ ਲੇਡੀ ਡਾਕਟਰ ਡਿਊਟੀ 'ਤੇ ਮੌਜੂਦ ਸੀ, ਜਿਸਨੇ ਉਨ੍ਹਾਂ ਨੂੰ ਕਿਹਾ ਕਿ ਲੜਕੀ ਦਾ ਨਾਰਮਲ ਆਪਰੇਸ਼ਨ ਨਹੀਂ ਹੋਣਾ, ਇਸ ਲਈ ਵੱਡਾ ਆਪਰੇਸ਼ਨ ਕਰਨਾ ਪਵੇਗਾ। ਉਨ੍ਹਾਂ ਇਸ ਲਈ ਸਹਿਮਤੀ ਦੇ ਦਿੱਤੀ। ਔਰਤ ਨੇ ਦੱਸਿਆ ਕਿ ਕੁਝ ਘੰਟਿਆਂ ਦੇ ਮਗਰੋਂ ਦੁਪਹਿਰ 2.30 ਵਜੇ ਉਸਦੀ ਲੜਕੀ ਦੇ ਬੱਚਾ ਹੋ ਗਿਆ ਤੇ ਡਾਕਟਰਾਂ ਨੇ ਕੁਝ ਦੇਰ ਬਾਅਦ  ਲੜਕੀ ਨੂੰ ਵਾਰਡ 'ਚ ਸਿਫਟ ਕਰ ਦਿੱਤਾ। ਉਸਨੇ ਦੱਸਿਆ ਕਿ ਸ਼ਾਮ ਨੂੰ 6 ਵਜੇ ਦੇ ਕਰੀਬ ਉਸਦੀ ਲੜਕੀ ਦੇ ਸਰੀਰ 'ਚ ਤੇਜ਼ ਦਰਦ ਹੋਣ ਲਗਾ ਤਾਂ ਉਨ੍ਹਾਂ ਨੇ ਉਥੇ ਮੌਜੂਦ ਸਟਾਫ ਦੇ ਕਰਮਚਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਆਪਰੇਸ਼ਨ ਤੋਂ ਬਾਅਦ ਦਰਦ ਹੁੰਦਾ ਹੀ ਹੈ। ਔਰਤ ਮੁਤਾਬਿਕ ਰਾਤ ਨੂੰ ਉਸਦੀ ਲੜਕੀ ਦੀ ਹਾਲਤ ਜਦੋਂ ਜ਼ਿਆਦਾ ਖਰਾਬ ਹੋ ਗਈ ਤਾਂ ਉਨ੍ਹਾਂ ਨੇ ਹਸਪਤਾਲ 'ਚ ਮੌਜੂਦ ਸਟਾਫ ਨੂੰ ਦੱਸਿਆ ਤਾਂ ਸਟਾਫ ਕਰਮਚਾਰੀਆਂ ਨੇ ਡਾਕਟਰ ਨੂੰ ਮਰੀਜ਼ ਦੀ ਹਾਲਤ ਬਾਰੇ ਫੋਨ ਕਰਕੇ ਦੱਸਿਆ ਤਾਂ ਵੀ ਡਾਕਟਰ ਨੇ ਹਸਪਤਾਲ ਆਉਣ ਦੀ ਜਹਿਮਤ ਨਹੀਂ ਉਠਾਈ, ਬਲਕਿ ਫੋਨ 'ਤੇ ਹੀ ਉਸਨੂੰ ਦਵਾਈਆਂ ਲਿਖਾ ਕੇ ਦੇਣ ਦੇ ਨਿਰਦੇਸ਼ ਦੇ ਦਿੱਤੇ। ਜਦੋਂ ਰਾਤ ਨੂੰ 12.30 ਵਜੇ ਤੋਂ ਬਾਅਦ ਗੀਤਾ ਦੀ ਹਾਲਤ ਜ਼ਿਆਦਾ ਹੀ ਖਰਾਬ ਹੋ ਗਈ ਤੇ ਡਿਊਟੀ 'ਤੇ ਮੌਜੂਦ ਨਰਸ ਨੇ ਡਾਕਟਰ ਨੂੰ ਉਸਦੀ ਹਾਲਤ ਬਾਰੇ ਦੱਸਿਆ ਤਾਂ ਸਮਾਂ 1 ਵਜੇ ਦੇ ਕਰੀਬ ਡਾਕਟਰ ਹਸਪਤਾਲ ਪੁੱਜੀ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ ਤੇ ਗੀਤਾ ਦਾ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ ਸੀ। ਉਸਦੀ ਮੌਤ ਦੇ ਮਗਰੋਂ ਗੁੱਸੇ 'ਚ ਆਏ ਲੜਕੀ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਹੰਗਾਮਾ ਕੀਤਾ ਅਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
ਕੀ ਕਹਿਣੈ ਐੱਸ. ਐੱਮ. ਓ. ਦਾ?
ਇਸ ਸਬੰਧੀ ਹਸਪਤਾਲ ਦੇ ਐੱਸ. ਐੱਮ. ਓ.  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਅਤੇ ਮਾਮਲੇ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਜੇਕਰ ਕਿਸੇ ਦੀ ਅਣਗਹਿਲੀ ਪਾਈ ਗਈ ਤਾਂ ਉਸ 'ਤੇ ਕਾਰਵਾਈ ਯਕੀਨੀ ਹੈ। 
ਕੀ ਕਹਿਣੈ ਪੁਲਸ ਦੇ ਅਧਿਕਾਰੀਆਂ ਦਾ?
ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 3 ਮੈਂਬਰਾਂ ਦਾ ਇਕ ਪੈਨਲ ਬਣਾਉਂਦੇ ਹੋਏ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।


Related News