ਸਹੋਲੀ ''ਚ ਫੈਲਿਆ ਗੈਸਟ੍ਰੋ, 2 ਲੋਕਾਂ ਦੀ ਮੌਤ

Thursday, Jul 13, 2017 - 03:04 AM (IST)

ਸਹੋਲੀ ''ਚ ਫੈਲਿਆ ਗੈਸਟ੍ਰੋ, 2 ਲੋਕਾਂ ਦੀ ਮੌਤ

ਲੁਧਿਆਣਾ(ਸਹਿਗਲ)-ਮਹਾਨਗਰ ਦੇ ਨਾਲ ਲਗਦੇ ਪਿੰਡ ਸਹੋਲੀ 'ਚ ਦੂਸ਼ਿਤ ਪਾਣੀ ਕਾਰਨ ਫੈਲੇ ਗੈਸਟ੍ਰੋ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇਕ 52 ਸਾਲਾ ਮਰੀਜ਼ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਦਕਿ ਇਕ 90 ਸਾਲਾ ਮਹਿਲਾ ਦੀ ਗੈਸਟ੍ਰੋ ਕਾਰਨ ਘਰ 'ਚ ਹੀ ਮੌਤ ਹੋ ਗਈ।  ਇਸ ਤੋਂ ਇਲਾਵਾ 2 ਹੋਰ ਮਰੀਜ਼ ਗੰਭੀਰ ਹਾਲਤ ਵਿਚ ਹਸਪਤਾਲ 'ਚ ਭਰਤੀ ਹਨ। ਪਿੰਡ 'ਚ ਅਚਾਨਕ ਫੈਲੇ ਗੈਸਟ੍ਰੋ ਕਾਰਨ 35 ਦੇ ਕਰੀਬ ਲੋਕ ਇਸਦੀ ਲਪੇਟ ਵਿਚ ਆਏ ਦੱਸੇ ਜਾ ਰਹੇ ਹਨ। ਦੇਰ ਸ਼ਾਮ ਨੂੰ ਮੌਕੇ 'ਤੇ ਪਹੁੰਚੀ ਸੀਨੀਅਰ ਮੈਡੀਕਲ ਅਫਸਰ ਡਾ. ਨੀਨਾ ਨਾਕਰਾ ਨੇ ਦੱਸਿਆ ਕਿ ਬੀਮਾਰੀ ਫੈਲਣ ਦੀ ਵਜ੍ਹਾ ਦੂਸ਼ਿਤ ਪੀਣ ਵਾਲਾ ਪਾਣੀ ਲਗਦਾ ਹੈ। ਉਨ੍ਹਾਂ ਨੇ ਪਾਣੀ ਦੀ ਸਪਲਾਈ ਬੰਦ ਕਰਵਾਉਣ ਤੋਂ ਇਲਾਵਾ ਜਾਂਚ ਲਈ 4 ਸੈਂਪਲ ਵੀ ਭਰੇ। ਉਨ੍ਹਾਂ ਕਿਹਾ ਕਿ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਘਰ-ਘਰ ਜਾ ਕੇ ਸਰਵੇ ਕਰਨ ਤੋਂ ਇਲਾਵਾ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਅਤੇ ਬੀਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਦੇਰ ਰਾਤ ਤੱਕ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕੇ ਸਰਵੇ ਕਰਨ ਦਾ ਕੰਮ ਜਾਰੀ ਸੀ। ਜ਼ਿਲਾ ਐਪੀਡੀਮੋਲੋਜਿਸਟ ਡਾ. ਰਮੇਸ਼ ਭਗਤ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪਿੰਡ ਸਹੋਲੀ 'ਚ ਗੈਸਟ੍ਰੋ ਫੈਲਣ ਦੀ ਸੂਚਨਾ ਮਿਲੀ ਹੈ। ਵਿਭਾਗ ਵੱਲੋਂ ਡਾ. ਨੀਨਾ ਦੀ ਦੇਖ-ਰੇਖ 'ਚ ਵਿਆਪਕ ਸਰਵੇ ਕਰਵਾਇਆ ਜਾ ਰਿਹਾ ਹੈ। ਸਹੀ ਸਥਿਤੀ ਸਵੇਰੇ ਪਤਾ ਲੱਗੇਗੀ।
ਹੋਰ ਨਾ ਕਰਵਾਓ ਪਾਣੀ ਦੀ ਸੈਂਪਲਿੰਗ ?
ਸ਼ਹਿਰ 'ਚ ਜਗ੍ਹਾ-ਜਗ੍ਹਾ ਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਫੈਲ ਰਹੀਆਂ ਮਹਾਮਾਰੀਆਂ ਪਿੱਛੇ ਇਕ ਮੁੱਖ ਕਾਰਨ ਸਿਹਤ ਵਿਭਾਗ ਵੱਲੋਂ ਪਾਣੀ ਦੀ ਸੈਂਪਲਿੰਗ ਦਾ ਕੰਮ ਰੋਕਣਾ ਵੀ ਦੱਸਿਆ ਜਾਂਦਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਸਿਹਤ ਵਿਭਾਗ ਦੇ ਸਕੱਤਰ ਵੱਲੋਂ ਐਪੀਡੋਮਿਕ ਡਿਜੀਜ਼ ਐਕਟ ਤਹਿਤ ਪਾਣੀ ਦੀ ਸੈਂਪਲਿੰਗ ਕਰਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰ ਉੱਚ ਅਧਿਕਾਰੀਆਂ ਦੇ ਮੂੰਹ ਚੜ੍ਹੇ ਚੰਡੀਗੜ੍ਹ 'ਚ ਬੈਠੇ ਇਕ ਪ੍ਰੋਗਰਾਮ ਅਫਸਰ ਨੇ ਇਸ ਨੋਟੀਫਿਕੇਸ਼ਨ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਰੁਟੀਨ ਪਾਣੀ ਦੀ ਸੈਂਪਲਿੰਗ ਦਾ ਕੰਮ ਵੀ ਬੰਦ ਕਰਵਾ ਦਿੱਤਾ।


Related News