ਮਾਮਲਾ ਜੇਲ ''ਚ ਹੋਈ ਨੌਜਵਾਨ ਦੀ ਮੌਤ ਦਾ, ਇਨਸਾਫ ਲਈ ਮਰਨ ਵਰਤ ''ਤੇ ਬੈਠੀਆਂ ਮਾਂ ਤੇ ਪਤਨੀ

Friday, Jun 16, 2017 - 03:28 PM (IST)

ਮਾਮਲਾ ਜੇਲ ''ਚ ਹੋਈ ਨੌਜਵਾਨ ਦੀ ਮੌਤ ਦਾ, ਇਨਸਾਫ ਲਈ ਮਰਨ ਵਰਤ ''ਤੇ ਬੈਠੀਆਂ ਮਾਂ ਤੇ ਪਤਨੀ

ਫਿਲੌਰ (ਭਾਖੜੀ) — ਬੀਤੇ ਦਿਨੀਂ ਕਪੂਰਥਲਾ ਜੇਲ 'ਚ ਨੌਜਵਾਨ ਵਲੋਂ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਮ੍ਰਿਤਕ ਦੀ ਮਾਂ ਤੇ ਪਤਨੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਪੁਲਸ ਵਾਲਿਆਂ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਉਦੋਂ ਤਕ ਮਰਨ ਵਰਤ 'ਤੇ ਬੈਠਣਗੀਆਂ, ਜਦ ਤਕ ਉਨ੍ਹਾਂ ਦੀ ਜਾਨ ਨਹੀਂ ਨਿਕਲ ਜਾਂਦੀ। ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਰਾਮ ਲੁਭਾਇਆ ਦੀ ਬਜ਼ੁਰਗ ਮਾਂ ਪਾਲੋ ਤੇ ਉਸ ਦੀ ਵਿਧਵਾ ਪਤਨੀ ਮਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪ੍ਰਦੇਸ਼ 'ਚ ਚਲਾਈ ਗਈ ਨਸ਼ਾ ਛੁਡਾਉ ਮੁਹਿੰਮ ਦਾ ਪੁਲਸ ਗਲਤ ਇਸਮਤੇਮਾਲ ਕਰ ਰਹੀ ਹੈ।
ਸਥਾਨਕ ਪੁਲਸ ਅੱਜ ਤਕ ਇਕ ਵੀ ਵੱਡਾ ਤਸਕਰ ਫੜ੍ਹ ਨਹੀਂ ਸਕੀ ਜਦ ਕਿ ਗਰੀਬ ਪਰਿਵਾਰ ਦੇ ਲੜਕੇ ਜੋ ਨਸ਼ਾ ਕਰਦੇ ਹਨ, ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਹੀ ਰਾਹ 'ਤੇ ਲਿਆਉਣ ਦੀ ਬਜਾਇ, ਉਨ੍ਹਾਂ ਨੂੰ ਫੜ੍ਹ ਕੇ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਧੱਕੇ ਨਾਲ ਤਸਕਰ ਬਣਾ ਜੇਲਾਂ 'ਚ ਸੁੱਟ ਰਹੇ ਹਨ। ਅਜਿਹੇ 'ਚ ਹੀ ਉਸ ਦੇ ਪੁੱਤਰ ਦੇ ਨਾਲ ਹੋਇਆ, ਜਿਸ ਨੂੰ ਪੁਲਸ ਦੀ ਧੱਕੇਸ਼ਾਹੀ ਦੇ ਚਲਦੇ ਜਾਨ ਨਾਲ ਹੱਥ ਧੋਣਾ ਪਿਆ। ਮ੍ਰਿਤਕ ਦੀ ਪਤਨੀ ਮਨੀ ਨੇ ਦੱਸਿਆ ਕਿ ਉਸ ਦਾ ਪਤੀ ਚੂਰਾ-ਪੋਸਤ ਦਾ ਆਦੀ ਸੀ ਤੇ ਮਜ਼ਦੂਰੀ ਕਰ ਕੇ ਮਹੀਨੇ 'ਚ 1500 ਰੁਪਏ ਦੀ ਪੋਸਤ ਖਰੀਦ ਕੇ ਉਸ ਦਾ ਸੇਵਨ ਕਰਦਾ ਸੀ। ਬੀਤੇ ਦਿਨ 9 ਜੂਨ ਨੂੰ ਜਦ ਉਹ ਘਰ ਤੋਂ ਸਵੇਰੇ 10 ਵਜੇ 1 ਲੱਖ ਰੁਪਏ ਦੀ ਕਮੇਟੀ ਲੈਣ ਸਕੂਟਰੀ 'ਤੇ ਨਿਕਲਿਆ ਤਾਂ ਪੁਲਸ ਉਸ ਨੂੰ ਫੜ੍ਹ ਕੇ ਥਾਣੇ ਲੈ ਗਈ, ਜਿਥੇ ਪਹਿਲਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਦ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ 10 ਜੂਨ ਨੂੰ ਪੁਲਸ ਨੇ ਉਸ 'ਤੇ 5 ਕਿਲੋ ਚੂਰਾ-ਪੋਸਤ ਦਾ ਮੁਕਦਮਾ ਪਾ ਕੇ ਉਸ ਨੂੰ ਜੇਲ 'ਚ ਸੁੱਟ ਦਿੱਤਾ।
ਜਿਥੇ ਜੇਲ ਅਧਿਕਾਰੀਆਂ ਨੇ ਵੀ ਉਸ ਦੀ ਕੋਈ ਸੁੱਧ ਨਹੀਂ ਲਈ ਤੇ ਬੀਤੇ ਦਿਨ ਉਨ੍ਹਾਂ ਨੂੰ ਘਰੋਂ ਕਪੂਰਥਲਾ ਬੁਲਾ ਕੇ ਉਸ ਦੇ ਨੌਜਵਾਨ ਪਤੀ ਦੀ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਦੀ ਇਥੇ ਆਉਣ ਤੋਂ ਬਾਅਦ ਮੌਤ ਹੋ ਗਈ। ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ ਦਿਲਵਾਉਣਾ ਚਾਹੁੰਦਾ ਹੈ ਤਾਂ ਬਕਾਇਦਾ ਡਾਕਟਰਾਂ ਦਾ ਪੈਨਲ ਬਿਠਾ ਕੇ ਉਸ ਦਾ ਪੋਸਟਮਾਰਟਮ ਕਰਵਾਉਂਦੇ, ਜਿਸ ਨਾਲ ਅਸਲੀਅਤ ਉਨ੍ਹਾਂ ਦੇ ਸਾਹਮਣੇ ਆਉਂਦੀ। ਸਥਾਨਕ ਪੁਲਸ ਨੇ ਉਸ ਦੇ ਪਤੀ ਨੂੰ ਤਸਕਰ ਬਨਾਉਣ ਲਈ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜੇਲ ਦੇ ਅਧਿਕਾਰੀਆਂ ਨੇ ਉਸ ਦੀ ਗੰਭੀਰ ਹਾਲਤ ਦੇ ਬਾਵਜੂਦ ਉਸ ਨੂੰ ਹਸਪਤਾਲ ਨਹੀਂ ਦਾਖਲ ਕਰਵਾਇਆ। ਇਹ ਸਾਰੇ ਪੁਲਸ ਅਧਿਕਾਰੀ ਉਸ ਦੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਹੈ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇ ਪਰਿਵਾਰ ਦੇ ਲੋਕਾਂ ਨੂੰ ਕਾਨੂੰਨੀ ਲੜਾਈ ਲੜਨ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ।


Related News