3 ਵਿਅਕਤੀਆਂ ਨੇ ਕੈਂਟਰ ਚਾਲਕ ''ਤੇ ਚਾਕੂ ਨਾਲ ਕੀਤੇ ਸਨ 32 ਵਾਰ, ਹੁਣ ਚੜ੍ਹੇ ਪੁਲਸ ਅੜਿੱਕੇ
Friday, Nov 06, 2020 - 06:46 PM (IST)
ਜ਼ੀਰਕਪੁਰ (ਮੇਸ਼ੀ)— ਜ਼ੀਰਕਪੁਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਇਕ ਕੈਂਟਰ ਚਾਲਕ 'ਤੇ 32 ਵਾਰ ਚਾਕੂ ਨਾਲ ਹਮਲਾ ਕਰਨ ਵਾਲੇ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਮੋਹਾਲੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਪੀ. ਦਿਹਾਤੀ ਡਾ. ਰਵਜੋਤ ਕੌਰ, ਡੀ. ਐੱਸ. ਪੀ. ਡੇਰਾਬੱਸੀ ਗੁਰਬਖਸ਼ੀਸ਼ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਜ਼ੀਰਕਪੁਰ ਰਾਜਪਾਲ ਸਿੰਘ ਗਿੱਲ ਦੀ ਨਿਗਰਾਨੀ ਹੇਠ ਗ੍ਰਿਫ਼ਤਾਰੀ 'ਚ ਸਫ਼ਲਤਾ ਮਿਲੀ ਹੈ।
ਪੁਲਸ ਨੇ ਦੱਸਿਆ ਕਿ 28 ਸਤੰਬਰ ਨੂੰ ਇਕ ਟਰੱਕ ਡਰਾਈਵਰ ਸਥਾਨਕ ਗੋਦਾਮ ਖ਼ੇਤਰ 'ਚ ਚੌਲ ਛੱਡਣ ਆਇਆ ਸੀ ਅਤੇ 3 ਵਿਅਕਤੀਆਂ ਨੇ ਉਸ 'ਤੇ ਚਾਕੁਆ ਨਾਲ਼ 32 ਵਾਰ ਕਰਕੇ ਗੰਭੀਰ ਜ਼ਖ਼ਮੀ ਕਰਕੇ ਉਸ ਦਾ ਸਾਮਾਨ ਅਤੇ ਨਕਦੀ ਲੁੱਟ ਲਈ ਸੀ। ਇਸ ਮਾਮਲੇ 'ਚ ਪੁਲਸ ਕੋਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਸੀ ਪਰ ਪੁਲਸ ਨੇ ਮਿਹਨਤ ਕਰਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਜ਼ੀਰਕਪੁਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣੇ ਦੇ ਕੈਥਲ ਜ਼ਿਲ੍ਹੇ ਤੋਂ ਜ਼ੀਰਕਪੁਰ ਗੋਦਾਮ ਖੇਤਰ 'ਚ ਚੌਲਾਂ ਦੇ ਥੈਲੇ (ਬੋਰੀਆਂ) ਛੱਡਣ ਆਏ ਕੈਂਟਰ ਚਾਲਕ ਰਾਜੇਸ਼ ਕੁਮਾਰ ਉਰਫ਼ ਜੱਸੀ ਵਾਸੀ ਪਿੰਡ ਚਾਣਚੋਕ ਥਾਣਾ ਗੁਲ੍ਹਾ ਚਿਕਾ ਜ਼ਿਲ੍ਹਾ ਕੈਥਲ ਹਰਿਆਣਾ 'ਤੇ ਤਿੰਨ ਅਨਪਛਾਤੇ ਨੌਜਵਾਨਾਂ ਨੇ ਉਸ ਨੂੰ ਬੰਧਕ ਬਣਾ ਕੇ ਚਾਕੂਆਂ ਨਾਲ਼ 32 ਵਾਰ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਕੇ ਲੁੱਟ ਲਿਆ ਸੀ।
ਇਹ ਵਾਰਦਾਤ ਉਸ ਵੇਲੇ ਹੋਈ ਸੀ ਜਦੋਂ ਰਾਜੇਸ਼ ਕੈਥਲ ਤੋਂ ਇਕ ਸ਼ੈਲਰ ਤੋਂ ਚੌਲਾਂ ਦੇ ਥੈਲੇ ਲੈ ਕੇ ਜ਼ੀਰਕਪੁਰ ਆਇਆ ਸੀ, ਅਤੇ ਸਥਾਨਕ ਗੋਦਾਮ ਖੇਤਰ 'ਚ ਉਤਾਰਨਾ ਸੀ। 27 ਤਰੀਕ ਨੂੰ ਤੜਕੇ ਕਰੀਬ ਸਾੜ੍ਹੇ 3 ਵਜੇ ਉਹ ਜ਼ੀਰਕਪੁਰ ਪਹੁੰਚਿਆ, ਜਿੱਥੇ ਉਸ ਨੇ ਗੋਦਾਮ ਦਾ ਪਤਾ ਪੁੱਛਣ ਲਈ ਚੰਡੀਗੜ੍ਹ-ਅੰਬਾਲਾ ਸੜਕ 'ਤੇ ਸਥਿਤ ਰਮਾਡਾ ਹੋਟਲ ਦੇ ਬਾਹਰ ਸਲਿਪ ਰੋਡ 'ਤੇ ਆਪਣਾ ਕੈਂਟਰ ਖੜ੍ਹਾ ਕਰ ਦਿੱਤਾ। ਸੜਕ ਦੇ ਦੂਜੇ ਪਾਸੇ ਉਸ ਨੂੰ ਤਿੰਨ ਨੌਜਵਾਨ ਨਜ਼ਰ ਆਏ ਜਦੋਂ ਉਹ ਪਤਾ ਪੁੱਛਣ ਲਈ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਉਸਨੂੰ ਘੇਰ ਕੇ ਬੰਧਕ ਬਣਾ ਲਿਆ। ਹਮਲਾਵਰਾਂ ਦੇ ਹੱਥਾਂ 'ਚ ਚਾਕੂ ਸਨ ਜਦੋਂਕਿ ਇਕ ਨੇ ਹੱਥ 'ਚ ਡੰਡਾ ਫੜ ਰੱਖਿਆ ਸੀ।
ਹਮਲਾਵਰਾਂ ਨੇ ਉਸ ਨੂੰ ਜ਼ਮੀਨ 'ਤੇ ਲਿਟਾ ਕੇ ਚਾਕੂਆ ਨਾਲ਼ ਉਸ ਦੀ ਪਿੱਠ, ਮੋਡੇ ਅਤੇ ਢਿੱਡ 'ਤੇ 32 ਵਾਰ ਕੀਤੇ। ਜਦੋਂ ਉਸ ਨੇ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਰਮਾਡਾ ਹੋਟਲ ਦਾ ਸਕਿਓਰਿਟੀ ਗਾਰਡ ਉਸ ਦੀ ਮਦਦ ਕਰਨ ਆਇਆ। ਸਕਿਓਰਿਟੀ ਗਾਰਡ ਦੇ ਹੱਥ 'ਚ ਬੰਦੂਕ ਵੇਖ ਕੇ ਹਮਲਾਵਰ ਭੱਜ ਗਏ ਸਨ। ਰਮਾਡਾ ਹੋਟਲ ਦੇ ਸਕਿਓਰਿਟੀ ਗਾਰਡ ਨੇ ਉਸ ਨੂੰ ਜੇ. ਪੀ. ਹਸਪਤਾਲ ਪਹੁੰਚਾਇਆ ਸੀ, ਜਿੱਥੋਂ ਉਸ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਸੀ।
ਜ਼ੀਰਕਪੁਰ ਪੁਲਸ ਨੇ ਜ਼ਖ਼ਮੀ ਰਾਜੇਸ਼ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 392, 324,341 ਅਤੇ 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਹਮਲਾਵਰਾਂ ਦੀ ਭਾਲ ਸ਼ੁਰੂ ਕੀਤੀ ਹੋਈ ਸੀ। ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਦੀ ਨਿਗਰਾਨੀ ਹੇਠ ਏ. ਐੱਸ. ਆਈ. ਜਸਵਿੰਦਰ ਸਿੰਘ, ਹੌਲਦਾਰ ਪਰਮਪ੍ਰੀਤ ਸਿੰਘ, ਹੌਲਦਾਰ ਮੇਜਰ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਦੀ ਟਿਮ ਨੇ ਵਿਗਿਆਨਕ ਢੰਗ ਦੀ ਵਰਤੋਂ ਕਰ ਤਿੰਨੇ ਫਾਸ਼ੀਆਂ ਦੀ ਪਛਾਣ ਕਰਕੇ ਅਰਜੁਨ ਕੁਮਾਰ ਪੁੱਤਰ ਰਾਮ ਪਰਵੇਸ਼ ਮੂਲ ਵਾਸੀ ਬਿਹਾਰ ਹਾਲ ਵਾਸੀ ਧੱਕਾ ਕਲੋਨੀ ਰਾਏਪੁਰ ਖੁਰਦ ਚੰਡੀਗੜ੍ਹ, ਲਛਮਣ ਕੁਮਾਰ ਪੁੱਤਰ ਨੇਤਰ ਬਹਾਦਰ ਮੂਲ ਵਾਸੀ ਨੇਪਾਲ ਹਾਲ ਵਾਸੀ ਧੱਕਾ ਕਲੋਨੀ ਰਾਏਪੁਰ ਖੁਰਦ ਚੰਡੀਗੜ੍ਹ ਅਤੇ ਅਸੀਸ ਰਾਣਾ ਪੁੱਤਰ ਲੇਟ ਸ਼ਾਮ ਸਿੰਘ ਰਾਣਾ ਵਾਸੀ ਧੱਕਾ ਕਲੋਨੀ ਰਾਏਪੁਰ ਖੁਰਦ ਚੰਡੀਗੜ੍ਹ ਨੂੰ ਬਲਟਾਣਾ ਖੇਤਰ ਦੇ ਨੇਚਰ ਪਾਰਕ ਤੋਂ ਗਿਰਫ਼ਤਾਰ ਕਰ ਉਨ੍ਹਾਂ ਤੋਂ ਵਾਰਦਾਤ ਲਈ ਇਸਤੇਮਾਲ ਕੀਤੇ 2 ਚਾਕੂ ਅਤੇ ਇਕ ਡੰਡਾ ਬਰਾਮਦ ਕਰ ਲਿਆ ਗਿਆ ਹੈ।
ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਉਕਤਾਨ ਮੁਲਜ਼ਮ ਰਾਤ ਸਮੇਂ ਚੰਡੀਗੜ੍ਹ ਦੀ ਸ਼ਰਾਬ ਪੰਜਾਬ 'ਚ ਵੇਚਣ ਦਾ ਕੰਮ ਕਰਦੇ ਹਨ ਅਤੇ ਤਿੰਨੇ ਵਿਅਕਤੀ ਕੁਆਰੇ ਹਨ। ਉਨ੍ਹਾਂ ਦੱਸਿਆ ਕਿ ਤਿੰਨੇ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਪੁਰਾਣਾ ਅਪਰਾਧਿਕ ਇਤਿਹਾਸ ਦੇ ਨਾਲ਼-ਨਾਲ਼ ਹੋਰ ਕਿੰਨੀਆਂ ਵਾਰਦਾਤਾਂ ਹਨ, ਬਾਰੇ ਪੁੱਛਗਿੱਛ ਕੀਤੀ ਜਾਵੇਗੀ।