ਹੈਰੋਇਨ ਤੇ ਗਲੌਕ ਪਿਸਤੌਲ ਸਮੇਤ ਤਿੰਨ ਨਸ਼ਾ ਤਸਕਰ ਕਾਬੂ, ਫ਼ਰੀਦਕੋਟ ਪੁਲਸ ਦੀ ਵੱਡੀ ਸਫ਼ਲਤਾ
Friday, Aug 07, 2026 - 04:22 PM (IST)
ਫ਼ਰੀਦਕੋਟ (ਰਾਜਨ) : ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 180 ਗ੍ਰਾਮ ਹੈਰੋਇਨ, ਇਕ 9 ਐੱਮ.ਐੱਮ. ਗਲੌਕ ਪਿਸਤੌਲ, ਇਕ ਮੈਗਜ਼ੀਨ ਅਤੇ 5 ਜ਼ਿੰਦਾ ਰੌਂਦਾਂ ਸਮੇਤ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇਕ ਬਿਨਾਂ ਨੰਬਰੀ ਐੱਚਐੱਫ ਡੀਲਕਸ ਮੋਟਰਸਾਈਕਲ ਅਤੇ ਇਕ ਵੀਵੋ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਐੱਸ.ਐੱਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਇਹ ਕਾਰਵਾਈ ਐੱਸ.ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ਼ ਨੇ ਅੰਜਾਮ ਦਿੱਤੀ। ਪੁਲਸ ਅਨੁਸਾਰ 6 ਅਗਸਤ ਨੂੰ ਸੀ.ਆਈ.ਏ. ਫ਼ਰੀਦਕੋਟ ਦੀ ਟੀਮ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਟੀਮ ਜਦੋਂ ਪਿੰਡ ਗੋਲੇਵਾਲਾ ਤੋਂ ਅੱਗੇ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ ’ਤੇ ਸੇਮ ਨਾਲੇ ਨੇੜੇ ਟੀ-ਪੁਆਇੰਟ ’ਤੇ ਪੁੱਜੀ ਤਾਂ ਰੇਲਵੇ ਫਾਟਕ ਵਾਲੇ ਪਾਸੇ ਇਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਬੈਠੇ ਦਿਖਾਈ ਦਿੱਤੇ। ਪੁਲਸ ਨੂੰ ਦੇਖ ਕੇ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 180 ਗ੍ਰਾਮ ਹੈਰੋਇਨ, ਇਕ 9 ਐੱਮ.ਐੱਮ. ਗਲੌਕ ਪਿਸਤੌਲ (ਮਾਰਕਾ K.F.), ਇਕ ਮੈਗਜ਼ੀਨ ਅਤੇ 5 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਬਿਨਾਂ ਨੰਬਰੀ ਕਾਲੇ ਰੰਗ ਦਾ ਐੱਚਐੱਫ ਡੀਲਕਸ ਮੋਟਰਸਾਈਕਲ ਅਤੇ ਇਕ ਵੀਵੋ ਮੋਬਾਈਲ ਫੋਨ ਵੀ ਕਬਜ਼ੇ ਵਿਚ ਲੈ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਉਰਫ਼ ਅਕਾਸ਼, ਰਾਜਾ ਪੁੱਤਰ ਵੀਰੂ ਅਤੇ ਸੂਰਜ ਪੁੱਤਰ ਜੁਗਰਾਜ ਉਰਫ਼ ਆਮਾ ਵਜੋਂ ਹੋਈ ਹੈ। ਤਿੰਨੇ ਮੁਲਜ਼ਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ।
ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਹੈਰੋਇਨ ਸਰਹੱਦੀ ਇਲਾਕੇ ਤੋਂ ਲਿਆਂਦੀ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਸ ਹੁਣ ਇਸ ਮਾਮਲੇ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਜਾ ਸਕੇ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21(ਬੀ), 61, 85 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁਕੱਦਮਾ ਨੰਬਰ 247 ਮਿਤੀ 6 ਅਗਸਤ 2026 ਦਰਜ ਕੀਤਾ ਗਿਆ ਹੈ।
