ਸ਼ਿਕਾਗੋ ''ਚ ਮਾਰੇ ਗਏ ਭਾਰਤੀ ਨੌਜਵਾਨ ਦੀ ਲਾਸ਼ ਪੁੱਜੀ ਪਿੰਡ, ਨਮ ਅੱਖਾਂ ਨਾਲ ਹੋਇਆ ਸਸਕਾਰ
Monday, Sep 30, 2019 - 04:50 PM (IST)

ਜ਼ੀਰਕਪੁਰ (ਗੁਰਪ੍ਰੀਤ) : ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਖੇ ਇਕ ਭਾਰਤੀ ਨੌਜਵਾਨ, ਜੋ ਜ਼ੀਰਕਪੁਰ ਦੇ ਪਿੰਡ ਛੱਤ ਦਾ ਨਿਵਾਸੀ ਸੀ, ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ 11 ਦਿਨਾਂ ਬਾਅਦ ਮ੍ਰਿਤਕ ਬਲਜੀਤ ਸਿੰਘ ਉਰਫ ਪ੍ਰਿੰਸ ਦੀ ਦੇਹ ਪਿੰਡ ਪੁੱਜੀ। ਅੰਤਿਮ ਸੰਸਕਾਰ 'ਚ ਵੱਡੀ ਸੰਖਿਆ 'ਚ ਲੋਕ ਇਕੱਠੇ ਹੋਏ। ਨਮ ਅੱਖਾਂ ਨਾਲ ਪ੍ਰਿੰਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਿੰਸ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਏ। ਇਸਦੇ ਨਾਲ ਹੀ ਪ੍ਰਸ਼ਾਸਨ ਕੋਲੋਂ ਪ੍ਰਿੰਸ ਦੇ ਪਰਿਵਾਰ ਦੀ ਵੀ ਸਾਰ ਲੈਣ ਦੀ ਮੰਗ ਕੀਤੀ ਗਈ ਹੈ।
ਲੋਕਾਂ ਦਾ ਕਹਿਣਾ ਸੀ ਕਿ ਜਵਾਨ ਪੁੱਤ ਜਦ ਜਾਂਦਾ ਹੈ ਤਾਂ ਉਸ ਦੀ ਮੌਤ ਦਾ ਅਸਰ ਮਾਪਿਆਂ ਦੇ ਨਾਲ-ਨਾਲ ਸਮਾਜ ਨੂੰ ਵੀ ਹੁੰਦਾ ਹੈ। ਪੰਜਾਬੀ ਨੌਜਵਾਨ ਦੀ ਵਿਦੇਸ਼ 'ਚ ਮੌਤ ਦੀ ਇਹ ਪਹਿਲੀ ਖ਼ਬਰ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ 'ਚ ਪੰਜਾਬ ਤੋਂ ਰੋਜ਼ੀ-ਰੋਟੀ ਕਮਾਉਣ ਲਈ ਮੁੰਡੇ ਜਾਂ ਕੁੜੀਆਂ ਵਿਦੇਸ਼ ਜਾਂਦੇ ਹਨ ਪਰ ਕੋਈ ਨਾ ਕੋਈ ਅਜਿਹਾ ਕਾਰਨ ਬਣ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਨੇ ਪ੍ਰਿੰਸ ਦੀ ਮੌਤ ਦੇ 11 ਦਿਨਾਂ ਬਾਅਦ ਉਸ ਦਾ ਸਸਕਾਰ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ 26 ਸਾਲਾ ਬਲਜੀਤ ਸਿੰਘ ਉਰਫ਼ ਪ੍ਰਿੰਸ ਪੁੱਤਰ ਇੰਦਰਜੀਤ ਸਿੰਘ ਜਦੋਂ ਸਟੋਰ ਬੰਦ ਕਰ ਕੇ ਘਰ ਵਾਪਸ ਜਾਣ ਲੱਗਾ ਸੀ ਤਾਂ ਪਿੱਛੇ ਆ ਰਹੇ 2-3 ਨੀਗਰੋਜ਼ ਨੇ ਉਸ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਪ੍ਰਿੰਸ ਨੂੰ ਲੁੱਟਣ 'ਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਪ੍ਰਿੰਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪ੍ਰਿੰਸ ਜ਼ੀਰਕਪੁਰ ਦੇ ਪਿੰਡ ਛੱਤ ਦਾ ਵਾਸੀ ਸੀ। ਅਮਰੀਕਾ ਦੇ ਸ਼ਿਕਾਗੋ 'ਚ ਉਸ ਦਾ ਕਤਲ ਹੋਇਆ ਸੀ। ਉਹ ਸ਼ਿਕਾਗੋ ਵਿਖੇ ਆਪਣੇ ਪਿੰਡ ਦੇ ਹੀ ਅਵਤਾਰ ਸਿੰਘ ਪੱਪੀ ਨਾਮਕ ਵਿਅਕਤੀ ਦੇ ਸਟੋਰ 'ਤੇ ਕੰਮ ਕਰਦਾ ਸੀ, ਜਿਸ ਨੇ ਪ੍ਰਿੰਸ ਦੀ ਲਾਸ਼ ਪਿੰਡ ਪਹੁੰਚਾਉਣ 'ਚ ਪਰਿਵਾਰ ਦੀ ਮਦਦ ਕੀਤੀ।