ਤੀਜੇ ਦਿਨ ਵੀ ਹਸਪਤਾਲ ''ਚ ਪਈ ਰਹੀ ਲਾਸ਼
Monday, Aug 21, 2017 - 07:47 AM (IST)

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ/ ਸੁਖਪਾਲ) - ਆੜ੍ਹਤੀਏ ਤੋਂ ਪ੍ਰੇਸ਼ਾਨ ਹੋ ਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਇਥੋਂ ਨੇੜਲੇ ਪਿੰਡ ਮਹਾਬੱਧਰ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਲਾਸ਼ ਅੱਜ ਤੀਜੇ ਦਿਨ ਵੀ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਈ ਰਹੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਸੇ ਗੱਲ 'ਤੇ ਡੱਟੇ ਰਹੇ ਕਿ ਜਦ ਤੱਕ ਆੜ੍ਹਤੀਏ ਕੇਵਲ ਕੁਮਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ, ਜਦਕਿ ਦੂਜੇ ਪਾਸੇ ਭਾਵੇਂ ਥਾਣਾ ਲੱਖੇਵਾਲੀ ਦੀ ਪੁਲਸ ਨੇ ਆੜ੍ਹਤੀਏ 'ਤੇ ਪਰਚਾ ਦਰਜ ਕਰਨ ਦੀ ਗੱਲ ਕਹੀ ਹੈ ਪਰ ਅਜੇ ਤੱਕ ਆੜ੍ਹਤੀਏ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ, ਜਿਨ੍ਹਾਂ ਵਿਚ ਬੀ. ਕੇ. ਯੂ. ਏਕਤਾ ਉਗਰਾਹਾਂ ਗਰੁੱਪ ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ, ਬਲਾਕ ਪ੍ਰਧਾਨ ਕਾਮਰੇਡ ਜਗਦੇਵ ਸਿੰਘ, ਬਲਾਕ ਸਕੱਤਰ ਸੁਖਰਾਜ ਸਿੰਘ ਰੂਹੜਿਆਂਵਾਲੀ ਆਦਿ ਸ਼ਾਮਲ ਸਨ, ਦੀ ਅਗਵਾਈ ਹੇਠ ਕਿਸਾਨ ਪਿੰਡ ਮਹਾਬੱਧਰ ਵਿਖੇ ਮ੍ਰਿਤਕ ਕਿਸਾਨ ਦੇ ਘਰ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ।
ਆਗੂਆਂ ਨੇ ਮੰਗ ਕੀਤੀ ਕਿ ਆੜ੍ਹਤੀਏ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਮ੍ਰਿਤਕ ਦੇ ਵਾਰਿਸਾਂ ਨੂੰ 10 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਮ੍ਰਿਤਕ ਕਿਸਾਨ ਦੇ ਸਾਰੇ ਕਰਜ਼ੇ 'ਤੇ ਲਕੀਰ ਮਾਰੀ ਜਾਵੇ। ਲੱਖੇਵਾਲੀ ਪੁਲਸ ਦੇ ਥਾਣੇਦਾਰ ਸ਼ਮਸ਼ੇਰ ਸਿੰਘ ਕਿਸਾਨ ਆਗੂਆਂ ਕੋਲ ਆਏ ਤੇ ਕਿਹਾ ਕਿ ਜੇਕਰ ਤੁਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਤਾਂ ਲਿਖ ਕੇ ਦੇ ਦਿਓ ਪਰ ਕਿਸਾਨ ਆਗੂਆਂ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਕਥਿਤ ਦੋਸ਼ੀ ਆੜ੍ਹਤੀਏ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਤਾਂ ਤੁਸੀਂ ਵੀ ਲਿਖ ਕੇ ਦਿਓ। ਇਹ ਸੁਣ ਕੇ ਥਾਣੇਦਾਰ ਵਾਪਸ ਪਰਤ ਗਿਆ। ਇਸੇ ਦੌਰਾਨ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆੜ੍ਹਤੀਏ ਅਤੇ ਬੈਂਕਾਂ ਵਾਲਿਆਂ ਵੱਲੋਂ ਕਿਸਾਨਾਂ ਕੋਲੋਂ ਖਾਲੀ ਚੈੱਕ ਲੈਣੇ ਅਤਿ ਮੰਦਭਾਗਾ ਵਰਤਾਰਾ ਹੈ।
ਕੌਣ-ਕੌਣ ਹੋਇਆ ਸ਼ਾਮਲ
ਅੱਜ ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ ਦੇ ਘਰ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਆਜ਼ਾਦ ਲੱਖੇਵਾਲੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਦੇ ਹਰਚਰਨ ਸਿੰਘ ਅਕਾਲਗੜ੍ਹ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਹਲਾਲ, ਅਮਰੀਕ ਸਿੰਘ ਭਾਗਸਰ, ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਸੋਹਣ ਸਿੰਘ ਕੌੜਿਆਂਵਾਲੀ, ਪਿਆਰਾ ਸਿੰਘ ਮਦਰੱਸਾ, ਨਰਿੰਦਰ ਸਿੰਘ ਫੌਜੀ, ਅੰਗਰੇਜ ਸਿੰਘ ਬਲਮਗੜ੍ਹ, ਹਰਫੂਲ ਸਿੰਘ ਭਾਗਸਰ ਆਦਿ ਪੁੱਜੇ।