ਨਹਿਰ ’ਚੋਂ ਬਰਾਮਦ ਹੋਈ ਪੂਨਮ ਰਾਣੀ ਦੀ ਲਾਸ਼

Friday, Aug 03, 2018 - 01:23 AM (IST)

ਨਹਿਰ ’ਚੋਂ ਬਰਾਮਦ ਹੋਈ ਪੂਨਮ ਰਾਣੀ ਦੀ ਲਾਸ਼

ਗਿੱਦਡ਼ਬਾਹਾ(ਕੁਲਭੂਸ਼ਨ)-ਬੀਤੀ 28 ਅਤੇ 29 ਜੁਲਾਈ ਦੀ ਰਾਤ ਨੂੰ ਪਿੰਡ ਗੁਰੂਸਰ ਨੇਡ਼ੇ ਜੌਡ਼ੀਅਾਂ ਨਹਿਰਾਂ ’ਚੋਂ ਸਰਹਿੰਦ ਫੀਡਰ ਨਹਿਰ ਵਿਚ ਪਤਨੀ ਸਮੇਤ ਕਾਰ ਸੁੱਟਣ ਦੇ ਮਾਮਲੇ ’ਚ ਉਸ ਦਿਨ ਤੋਂ ਹੀ ਨਹਿਰ ਵਿਚ ਲਾਪਤਾ ਹੋਈ ਪੂਨਮ ਰਾਣੀ ਪਤਨੀ ਸੰਦੀਪ ਸਿੰਘ ਦੀ ਲਾਸ਼ ਬੀਤੀ ਦੇਰ ਸ਼ਾਮ ਪਿੰਡ ਥਰਾਜਵਾਲਾ ਦੇ ਨੇਡ਼ਿਓਂ ਨਹਿਰ ’ਚੋਂ ਬਰਾਮਦ ਹੋ ਗਈ ਹੈ। ਪੂਨਮ ਦੀ ਲਾਸ਼ ਦੇ ਨਾਲ ਹੀ ਇਕ ਹੋਰ ਅਣਪਛਾਤੇ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ। ਵਰਨਣਯੋਗ ਹੈ ਕਿ 31 ਜੁਲਾਈ ਦੀ ਰਾਤ ਨੂੰ ਜੌਡ਼ੀਅਾਂ ਨਹਿਰਾਂ ਨੇਡ਼ੇ ਲਾਪਤਾ ਹੋਏ ਤਪਾ ਮੰਡੀ ਦੇ ਵਪਾਰੀ ਲੱਕੀ ਗੁਪਤਾ ਦੀ ਭਾਲ ਵਿਚ ਲੱਗੀਆਂ ਐੱਨ. ਡੀ. ਆਰ. ਐੱਫ. ਅਤੇ ਐੱਸ. ਟੀ. ਆਰ. ਐੱਫ. ਦੀਆਂ ਟੀਮਾਂ ਨੂੰ ਰਾਜਸਥਾਨ ਫੀਡਰ ਨਹਿਰ ’ਚੋਂ ਬੀਤੇ ਦਿਨੀਂ ਦੋ ਅਣਪਛਾਤੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਨੂੰ ਪਛਾਣ ਲਈ ਥਾਣਾ ਗਿੱਦਡ਼ਬਾਹਾ ਪੁਲਸ ਵੱਲੋਂ ਬੀਤੀ ਰਾਤ ਗਿੱਦਡ਼ਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ। ਅੱਜ ਇੱਥੇ ਸਵੇਰੇ ਚਰਨਜੀਤ ਕੌਰ ਵੱਲੋਂ ਆਪਣੀ ਬੇਟੀ ਪੂਨਮ ਰਾਣੀ ਦੀ ਲਾਸ਼ ਦੀ ਪਛਾਣ ਕੀਤੀ ਗਈ। ਇਸੇ ਤਰ੍ਹਾਂ ਇਨ੍ਹਾਂ ਲਾਸ਼ਾਂ ’ਚੋਂ ਇਕ ਲਾਸ਼ ਦੀ ਪਛਾਣ ਕੁਲਵੰਤ ਰਾਏ ਪੁੱਤਰ ਰਾਮ ਪ੍ਰਕਾਸ਼ ਵਾਸੀ ਜ਼ੀਰਾ ਵਜੋਂ ਹੋਈ ਹੈ। ਇਸ ਦੀ ਸ਼ਨਾਖਤ ਉਸ ਦੇ ਰਿਸ਼ਤੇਦਾਰ ਅਮਨ ਅਰੋਡ਼ਾ ਵੱਲੋਂ ਕੀਤੀ ਗਈ। ਅਮਨ ਅਨੁਸਾਰ ਉਕਤ ਕੁਲਵੰਤ ਰਾਏ ਮਾਨਸਿਕ ਪ੍ਰੇਸ਼ਾਨੀ ਕਾਰਨ ਘਰੋਂ ਗਾਇਬ ਹੋਇਆ ਸੀ ਅਤੇ ਉਸ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਥਾਣਾ ਜ਼ੀਰਾ ਵਿਖੇ ਦਰਜ ਸੀ। ਇਨ੍ਹਾਂ ’ਚੋਂ ਕੁਲਵੰਤ ਰਾਏ ਦਾ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਦੇ ਦਿੱਤੀ ਗਈ, ਜਦਕਿ ਪੂਨਮ ਦੀ ਲਾਸ਼ ਦੇ ਪੋਸਟਮਾਰਟਮ ਲਈ ਉਸ ਨੂੰ ਫਰੀਦਕੋਟ ਭੇਜਿਆ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਫੀਡਰ ਅਤੇ ਸਰਹਿੰਦ ਨਹਿਰਾਂ  ’ਚੋਂ ਮਿਲੀਆਂ, ਦੋ ਲਾਸ਼ਾਂ, ਜਿਨ੍ਹਾਂ ਦੀ ਕੋਈ ਪਛਾਣ ਨਹੀਂ ਹੋ ਸਕੀ, ਉਨ੍ਹਾਂ ਨੂੰ ਪੁਲਸ ਨੇ ਅੱਜੇ ਵੀ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਹੋਇਆ ਹੈ।
 


Related News