ਪਾਰਕ ''ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

09/09/2017 3:32:58 AM

ਲੁਧਿਆਣਾ(ਰਿਸ਼ੀ)-ਬਾੜੇਵਾਲ ਰੋਡ ਸਥਿਤ ਮਧੂਬਨ ਇਨਕਲੇਵ ਦੇ ਪਾਰਕ ਵਿਚ ਲੱਗੇ ਪਿੱਪਲ ਦੇ ਦਰੱਖਤ 'ਤੇ ਸ਼ੁੱਕਰਵਾਰ ਸਵੇਰੇ 50 ਸਾਲਾ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ। ਲਾਸ਼ ਦੇ ਕੋਲੋਂ ਪੁਲਸ ਨੂੰ ਇਕ ਸ਼ਰਾਬ ਦੀ ਖਾਲੀ ਬੋਤਲ ਅਤੇ ਗਿਲਾਸ ਬਰਾਮਦ ਹੋਇਆ ਹੈ। ਲਾਸ਼ ਦੀ ਪਛਾਣ ਨਾ ਹੋਣ ਕਾਰਨ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਥਾਣਾ ਮੁਖੀ ਇੰਸ. ਬ੍ਰਿਜ ਮੋਹਨ ਮੁਤਾਬਕ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ 10-15 ਦਿਨਾਂ ਤੋਂ ਪਾਰਕ ਵਿਚ ਹੀ ਰਾਤ ਸਮੇਂ ਆ ਕੇ ਸੌਂ ਜਾਂਦਾ ਸੀ। ਉਹ ਆਪਣਾ ਨਾਂ ਬਲਵੀਰ ਸਿੰਘ ਦੱਸਦਾ ਸੀ। ਸਵੇਰ ਹੋਣ 'ਤੇ ਜਦੋਂ ਪਾਰਕ ਕੋਲ ਰਹਿਣ ਵਾਲੇ ਲੋਕ ਬਾਹਰ ਆਏ ਤਾਂ ਦਰੱਖਤ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਉਸ ਨੇ ਕੱਪੜੇ ਨਾਲ ਫਾਹਾ ਲੈ ਲਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਸ਼ਰਾਬ ਪੀਤੀ ਹੋਵੇਗੀ।


Related News