ਦਿਨ-ਦਿਹਾੜੇ ATM ਸੈਂਟਰ ''ਚੋਂ ਲੁਟੇਰਿਆਂ ਨੇ ਲੁੱਟੇ 42,500 ਰੁਪਏ

Friday, May 06, 2022 - 08:28 PM (IST)

ਮਾਛੀਵਾੜਾ ਸਾਹਿਬ (ਟੱਕਰ) : ਸ਼ਹਿਰ ਦੇ ਨੀਵੇਂ ਬਾਜ਼ਾਰ 'ਚ ਅੱਜ ਦਿਨ-ਦਿਹਾੜੇ ਇਕ ਏ. ਟੀ. ਐੱਮ. ਸੈਂਟਰ ਤੋਂ ਲੁਟੇਰਿਆਂ ਨੇ ਉੱਥੇ ਕੰਮ ਕਰਨ ਵਾਲੀ ਲੜਕੀ ਨੂੰ ਕੁੱਟਮਾਰ ਕੇ ਬੰਧਕ ਬਣਾ ਲਿਆ ਤੇ ਉਸ ਦੇ ਕੈਸ਼ ਕਾਊਂਟਰ 'ਚੋਂ 42,500 ਰੁਪਏ ਲੁੱਟ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4.30 ਵਜੇ ਤੋਂ ਬਾਅਦ 2 ਨਕਾਬਪੋਸ਼ ਨੌਜਵਾਨ ਬੁਲੇਟ ਮੋਟਰਸਾਈਕਲ 'ਤੇ ਆਏ, ਜੋ ਇਸ ਏ. ਟੀ. ਐੱਮ. ਸੈਂਟਰ 'ਚ ਲੱਗੀ ਮਸ਼ੀਨ 'ਚ ਕਾਰਡ ਪਾ ਕੇ ਪੈਸੇ ਕੱਢਣ ਲੱਗ ਪਏ। ਇਕ ਨੌਜਵਾਨ ਕੁਝ ਮਿੰਟ ਪੈਸੇ ਕੱਢਣ ਲਈ ਵਾਰ-ਵਾਰ ਕੋਸ਼ਿਸ਼ ਕਰਦਾ ਰਿਹਾ, ਜਦਕਿ ਦੂਸਰਾ ਨੌਜਵਾਨ ਸਾਈਡ 'ਤੇ ਖੜ੍ਹਾ ਰਿਹਾ। ਜਦੋਂ ਏ. ਟੀ. ਐੱਮ. ਮਸ਼ੀਨ 'ਚੋਂ ਪੈਸੇ ਨਾ ਨਿਕਲੇ ਤਾਂ ਉਨ੍ਹਾਂ ਕੈਸ਼ ਕਾਊਂਟਰ 'ਤੇ ਬੈਠੀ ਲੜਕੀ ਨੂੰ ਕਿਹਾ ਕਿ ਮਸ਼ੀਨ ਕੰਮ ਨਹੀਂ ਕਰ ਰਹੀ ਤੇ ਉਹ ਆਪ ਆ ਕੇ ਕੋਸ਼ਿਸ਼ ਕਰੇ।

ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ 'ਤੇ ਕੈਪਟਨ ਦਾ ਬਿਆਨ, ਕਿਹਾ-ਪੰਜਾਬ ਪੁਲਸ ਬਾਹਰੀ ਵਿਅਕਤੀ ਦੇ ਹੁਕਮਾਂ ਅੱਗੇ ਨਾ ਝੁਕੇ (Web Mail)

ਲੜਕੀ ਆਪਣੇ ਕੈਸ਼ ਕਾਊਂਟਰ ਦੇ ਕੈਬਿਨ 'ਚ ਲੱਗੀ ਕੁੰਡੀ ਖੋਲ੍ਹ ਕੇ ਜਦੋਂ ਬਾਹਰ ਆਈ ਤਾਂ ਉਸ ਨੇ ਏ. ਟੀ. ਐੱਮ. ਮਸ਼ੀਨ ਚੈੱਕ ਕੀਤੀ। ਇਸ ਦੌਰਾਨ ਦੋਵਾਂ ਨੌਜਵਾਨਾਂ ਨੇ ਲੜਕੀ ਨੂੰ ਧੱਕੇ ਨਾਲ ਏ. ਟੀ. ਐੱਮ. ਕੋਲ ਬਣੇ ਕੈਬਿਨ ਅੰਦਰ ਲੈ ਗਏ, ਜਿਨ੍ਹਾਂ 'ਚੋਂ ਇਕ ਨੇ ਲੜਕੀ ਨੂੰ ਫਰਸ਼ 'ਤੇ ਸੁੱਟ ਕੇ ਉਸ ਦੇ ਗਲ਼ 'ਚ ਚੁੰਨੀ ਪਾ ਗੋਡਾ ਰੱਖ ਕੇ ਬੰਧਕ ਬਣਾ ਲਿਆ, ਜਦਕਿ ਦੂਜਾ ਨੌਜਵਾਨ ਕੈਸ਼ ਕਾਊਂਟਰ ਦੀ ਤਲਾਸ਼ੀ ਲੈਣ ਲੱਗ ਪਿਆ। ਕੈਸ਼ ਕਾਊਂਟਰ 'ਚੋਂ ਇਹ ਨਕਾਬਪੋਸ਼ ਲੁਟੇਰੇ ਨਕਦੀ ਲੁੱਟ ਹੀ ਰਹੇ ਸਨ ਕਿ ਇਸ ਦੌਰਾਨ ਕੰਮ ਕਰਦੀ ਲੜਕੀ ਦਾ ਭਰਾ ਦੀਪਕ ਕੁਮਾਰ ਵੀ ਉਥੇ ਆ ਗਿਆ ਤੇ ਉਸ ਨਾਲ ਵੀ ਲੁਟੇਰਿਆਂ ਨੇ ਹੱਥੋਪਾਈ ਕੀਤੀ। ਦੋਵੇਂ ਲੁਟੇਰੇ ਬੜੀ ਤੇਜ਼ੀ ਨਾਲ ਕੈਸ਼ ਕਾਊਂਟਰ 'ਚੋਂ 42,500 ਰੁਪਏ ਲੁੱਟ ਕੇ ਅਤੇ ਕੰਮ ਕਰਨ ਵਾਲੀ ਲੜਕੀ ਦਾ ਪਰਸ ਤੇ ਮੋਬਾਇਲ ਖੋਹ ਕੇ ਏ. ਟੀ. ਐੱਮ. ਸੈਂਟਰ 'ਚੋਂ ਬਾਹਰ ਨਿਕਲ ਗਏ।

ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ 'ਤੇ ਪੰਜਾਬ ਸਰਕਾਰ ਦੀ ਕਾਰਵਾਈ, ਜਲੰਧਰ ਦੇ ਇਕ ਸਾਬਕਾ ਅਧਿਕਾਰੀ ਨੂੰ ਲਿਆ ਨਿਸ਼ਾਨਾ 'ਤੇ

PunjabKesari

ਦੁਕਾਨ ਦੇ ਬਾਹਰ ਵੀ ਲੜਕੀ ਤੇ ਉਸ ਦੇ ਭਰਾ ਨੇ ਲੁਟੇਰਿਆਂ ਦਾ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਇਹ ਏ. ਟੀ. ਐੱਮ. ਤਾਜ ਕੰਪਿਊਟਰ ਸੈਂਟਰ ਵੱਲੋਂ ਖੋਲ੍ਹਿਆ ਗਿਆ ਹੈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦਾ ਆਨਲਾਈਨ ਭੁਗਤਾਨ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਉੱਥੇ ਕੁਝ ਨਕਦੀ ਵੀ ਰਹਿੰਦੀ ਹੈ। ਲੁਟੇਰੇ ਇਸ ਏ. ਟੀ. ਐੱਮ. ਸੈਂਟਰ 'ਚ ਕਰੀਬ 18 ਮਿੰਟ ਰਹੇ। ਬਜ਼ਾਰ ਵਿੱਚ ਦਿਨ-ਦਿਹਾੜੇ ਵਾਪਰੀ ਇਸ ਲੁੱਟ ਦੀ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਪੁੱਜੇ, ਜਿਨ੍ਹਾਂ ਮੌਕੇ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਜੋ ਲੁਟੇਰਿਆਂ ਦਾ ਕੁਝ ਸੁਰਾਗ ਮਿਲ ਸਕੇ।

ਇਹ ਵੀ ਪੜ੍ਹੋ : ਫੂਡ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਗੈਸ ਮਾਫੀਆ ਦੇ ਟਿਕਾਣਿਆਂ 'ਤੇ ਮਾਰੇ ਛਾਪੇ, 18 ਸਿਲੰਡਰ ਲਏੇ ਕਬਜ਼ੇ 'ਚ

ਲੁਟੇਰਿਆਂ ਨੇ ਕਿਹਾ- ਮਾਂ ਬਿਮਾਰ ਹੈ, ਪੈਸੇ ਜਲਦ ਕੱਢ ਦੇਵੋ
ਏ. ਟੀ. ਐੱਮ. ਸੈਂਟਰ 'ਚ ਲੁਟੇਰੇ ਜਦੋਂ ਵਾਰ-ਵਾਰ ਕਾਰਡ ਪਾ ਕੇ ਏ. ਟੀ. ਐੱਮ. 'ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਸਿਰਫ਼ ਦਿਖਾਵਾ ਹੀ ਸੀ। ਉਨ੍ਹਾਂ ਦਾ ਮੁੱਖ ਉਦੇਸ਼ ਲੜਕੀ ਨੂੰ ਕੈਬਿਨ 'ਚੋਂ ਬਾਹਰ ਲਿਆਉਣਾ ਸੀ ਤਾਂ ਜੋ ਕੈਸ਼ ਕਾਊਂਟਰ 'ਚ ਪਈ ਨਕਦੀ ਨੂੰ ਲੁੱਟਿਆ ਜਾ ਸਕੇ। ਕੰਮ ਕਰਦੀ ਲੜਕੀ ਨਿਸ਼ੂ ਰਾਣੀ ਨੇ ਕਿਹਾ ਕਿ ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਬਿਮਾਰ ਹੈ ਤੇ ਪੈਸਿਆਂ ਦੀ ਸਖ਼ਤ ਲੋੜ ਹੈ, ਉਪਰੋਂ ਏ. ਟੀ. ਐੱਮ. 'ਚੋਂ ਪੈਸੇ ਨਹੀਂ ਨਿਕਲ ਰਹੇ, ਜਿਸ ਲਈ ਉਹ ਆਪ ਕੈਬਿਨ 'ਚੋਂ ਬਾਹਰ ਆ ਕੇ ਉਨ੍ਹਾਂ ਦੀ ਪੈਸੇ ਕੱਢਣ 'ਚ ਮਦਦ ਕਰੇ। ਨਿਸ਼ੂ ਲੁਟੇਰਿਆਂ ਦੇ ਬਹਿਕਾਵੇ ਵਿੱਚ ਆ ਗਈ ਅਤੇ ਜਿਉਂ ਹੀ ਉਹ ਕੈਬਿਨ 'ਚੋਂ ਬਾਹਰ ਆਈ ਤਾਂ ਲੁਟੇਰਿਆਂ ਨੇ ਉਸ ਨੂੰ ਕੁੱਟਮਾਰ ਕੇ ਬੰਧਕ ਬਣਾ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਭਾਰਤ 'ਚ 47 ਲੱਖ ਲੋਕਾਂ ਦੀ ਹੋਈ ਮੌਤ : WHO, ਸਰਕਾਰ ਨੇ ਅੰਕੜਿਆਂ 'ਤੇ ਚੁੱਕੇ ਸਵਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News