ਮੰਗਲਵਾਰ ਰਿਹਾ ਹਾਦਸਿਆਂ ਦਾ ਦਿਨ

Wednesday, Feb 21, 2018 - 08:07 AM (IST)

ਮੰਗਲਵਾਰ ਰਿਹਾ ਹਾਦਸਿਆਂ ਦਾ ਦਿਨ

ਫ਼ਰੀਦਕੋਟ (ਹਾਲੀ) - ਅੱਜ ਸ਼ਹਿਰ 'ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ 16 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਗੋਲੇਵਾਲਾ ਤੋਂ ਗੱਡੀ ਵਿਚ ਸਵਾਰ ਹੋ ਕੇ ਕਰੀਬ 10 ਵਿਅਕਤੀ ਫ਼ਰੀਦਕੋਟ ਤੋਂ ਗੋਲੇਵਾਲਾ ਵਿਚਕਾਰ ਪਹੁੰਚੇ ਤਾਂ ਸੜਕ ਹਾਦਸਾ ਵਾਪਰ ਗਿਆ। ਗੱਡੀ ਸੜਕ ਕੰਢੇ ਲੱਗੇ ਦਰੱਖਤ ਨਾਲ ਟਕਰਾਅ ਗਈ। ਇਸ ਕਾਰਨ ਗੱਡੀ 'ਚ ਸਵਾਰ ਸਾਰੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਪਰ ਅਜੇ ਤੱਕ ਹਾਦਸਾ ਵਾਪਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫ਼ਿਲਹਾਲ ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ ਅਤੇ ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਸਾਰੇ ਗੋਲੇਵਾਲਾ ਤੋਂ ਫ਼ਰੀਦਕੋਟ ਮ੍ਰਿਤਕ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਆ ਰਹੇ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ।
ਫ਼ਰੀਦਕੋਟ,  (ਰਾਜਨ)-ਸੜਕ ਹਾਦਸੇ 'ਚ ਇਕ ਔਰਤ ਅਤੇ 2 ਬੱਚਿਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਤਰਸੇਮ ਲਾਲ ਨਰੂਲਾ ਪੁੱਤਰ ਹੀਰਾ ਲਾਲ ਵਾਸੀ ਭਾਨ ਸਿੰਘ ਕਾਲੋਨੀ, ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਨੂੰਹ ਪੂਜਾ ਦਸਮੇਸ਼ ਸਕੂਲ, ਫਰੀਦਕੋਟ ਵਿਚ ਅਧਿਆਪਕਾ ਲੱਗੀ ਹੋਈ ਹੈ। ਉਸ ਦੀ ਨੂੰਹ ਜਦੋਂ ਆਪਣੇ ਬੱਚਿਆਂ ਮਾਨਕ (10) ਅਤੇ ਮੋਹਰੀਤ (12) ਸਮੇਤ ਸਕੂਟਰੀ 'ਤੇ ਸਕੂਲ ਰਹੀ ਸੀ ਤਾਂ ਇਸ ਦੌਰਾਨ ਦੂਜੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਸਕੂਟਰੀ ਆ ਵੱਜੀ, ਜਿਸ ਕਰ ਕੇ ਪੂਜਾ ਅਤੇ ਬੱਚਿਆਂ ਦੇ ਕਾਫ਼ੀ ਸੱਟਾਂ ਲੱਗੀਆਂ, ਜੋ ਕਿ ਜ਼ੇਰੇ ਇਲਾਜ ਹਨ। ਬਿਆਨਕਰਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਫ਼ਰੀਦਕੋਟ ਨਿਵਾਸੀ ਕਾਰ ਚਾਲਕ ਪ੍ਰਿੰਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜੈਤੋ,  (ਜਿੰਦਲ)-ਬਠਿੰਡਾ ਰੋਡ 'ਤੇ ਸਥਿਤ ਪਿੰਡ ਸੇਵੇਵਾਲਾ ਨਜ਼ਦੀਕ ਪੈਟਰੋਲ ਪੰਪ ਕੋਲ ਇਕ ਮੋਟਰ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਸੁਖਮੰਦਰ ਸਿੰਘ (45) ਪੁੱਤਰ ਤਾਰਾ ਸਿੰਘ ਵਾਸੀ ਚੰਦ ਭਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਆਗੂ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ।  
ਦੂਜੇ ਹਾਦਸੇ 'ਚ ਕੋਟਕਪੂਰਾ ਰੋਡ 'ਤੇ ਦਾਣਾ ਮੰਡੀ ਨਜ਼ਦੀਕ 39 ਸਾਲਾ ਗੁਰਨਾਮ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਸੇਵੇਵਾਲਾ ਸੜਕ 'ਤੇ ਰਿਕਸ਼ਾ ਰੇਹੜੀ 'ਤੇ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਵਾਹਨ ਦਾ ਚਾਲਕ ਰਿਕਸ਼ਾ ਰੇਹੜੀ ਨੂੰ ਫ਼ੇਟ ਮਾਰ ਕੇ ਫਰਾਰ ਹੋ ਗਿਆ, ਜਿਸ ਕਰ ਕੇ ਉਹ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਕਿਸੇ ਰਾਹਗੀਰ ਨੇ ਇਸ ਦੀ ਜਾਣਕਾਰੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਆਗੂ ਨਵਨੀਤ ਗੋਇਲ ਨੂੰ ਦਿੱਤੀ। ਉਹ ਤੁਰੰਤ ਹੀ ਆਪਣੀ ਟੀਮ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਸਿਵਲ
ਹਸਪਤਾਲ ਪਹੁੰਚਾਇਆ।


Related News