ਵਿਧਾਇਕ ਘੁਬਾਇਆ ਤੇ ਮਹਿਲਾ SHO ਮਾਮਲੇ 'ਤੇ ਜਾਣੋ ਕੀ ਬੋਲੇ ਭਗਵੰਤ ਮਾਨ (ਵੀਡੀਓ)
Friday, Nov 16, 2018 - 05:06 PM (IST)
ਸੰਗਰੂਰ(ਪ੍ਰਿੰਸ)— ਮਹਿਲਾ ਐੱਸ.ਐੱਚ.ਓ. ਨਾਲ ਫੋਨ 'ਤੇ ਬਦਸਲੂਕੀ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੋਂ ਬਾਅਦ ਹੁਣ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਹੁਣ ਲੋਕ ਵਿਧਾਇਕ ਨੂੰ ਹਰਾ ਕੇ ਦੇਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਐੱਸ.ਐੱਚ.ਓ. ਨੂੰ ਧਮਕਾਉਣ ਦੀ ਆਡੀਓ ਕਲਿੱਪ ਵਾਇਰਲ ਹੋਈ ਸੀ। ਆਡੀਓ ਵਿਚ ਘੁਬਾਇਆ ਮੈਡਮ ਨੂੰ ਉਨ੍ਹਾਂ ਦੇ ਵਰਕਰਾਂ ਨੂੰ ਪਰੇਸ਼ਾਨ ਕਰਨ, ਉਨ੍ਹਾਂ ਦਾ ਫੋਨ ਨਾ ਸੁਣਨ ਅਤੇ ਕੰਮ ਨਾ ਕਰਨ ਦੀ ਗੱਲ ਕਹਿ ਕੇ ਉਸ ਦੀ ਬਦਲੀ ਕਰਵਾਉਣ ਦੀ ਧਮਕੀ ਦੇ ਰਹੇ ਹਨ। ਇਸ 'ਤੇ ਮੈਡਮ ਲਵਮੀਤ ਕੌਰ ਨੇ ਵਿਧਾਇਕ ਨੂੰ 'ਤਮੀਜ਼' ਨਾਲ ਗੱਲ ਕਰਨ ਦੀ ਗੱਲ ਵੀ ਕਹੀ।
ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਮਾਮਲੇ ਵਿਚ ਸਿੱਟ ਵਲੋਂ ਬਾਦਲਾਂ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ 'ਤੇ ਬੋਲਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਅੱਜ ਬਰਨਾਲਾ ਵਿਚ ਐਮ.ਪੀ. ਫੰਡ ਨਾਲ ਵੱਖ-ਵੱਖ ਸਕੂਲਾਂ ਦੀਆਂ ਬਿਲਡਿੰਗਾਂ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ।