ਧੀਆਂ ਨੇ ਕੀਤਾ ਸਾਬਿਤ ਇਰਾਦੇ ਮਜ਼ਬੂਤ ਹੋਣ ਤਾਂ ਉੱਡਣ ਲਈ ਲੱਗ ਜਾਂਦੇ ਨੇ ਖੰਭ
Saturday, Jan 13, 2018 - 03:22 PM (IST)
ਲੁਧਿਆਣਾ (ਮੀਨੂ) - ਅੱਜ ਲੋਹੜੀ ਦਾ ਤਿਓਹਾਰ ਹੈ। ਹਰ ਘਰ ਇਸ ਦਿਨ ਲੋਹੜੀ ਦੀ ਧੂਣੀ ਬਾਲ ਕੇ ਉਸ ਦੇ ਆਲੇ-ਦੁਆਲੇ ਪਰਿਕ੍ਰਮਾ ਕਰ ਕੇ ਇਹ ਤਿਓਹਾਰ ਮਨਾਏਗਾ, ਜਿਨ੍ਹਾਂ ਦੇ ਘਰ ਬੇਟੇ ਦੇ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਹੈ ਜਾਂ ਫਿਰ ਜਿਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ, ਉਹ ਇਸ ਦਿਨ ਨੂੰ ਖੂਬ ਧੂਮਧਾਮ ਨਾਲ ਮਨਾਉਣਗੇ। ਕਈ ਘਰ ਅਜਿਹੇ ਵੀ ਹਨ ਜੋ ਅੱਜ ਆਪਣੀਆਂ ਬੇਟੀਆਂ ਦੀ ਲੋਹੜੀ ਮਨਾ ਰਹੇ ਹਨ ਅਤੇ 'ਜਗ ਬਾਣੀ' ਅਜਿਹੇ ਪਰਿਵਾਰਾਂ ਨੂੰ ਤਹਿ ਦਿਲੋਂ ਸਲਾਮ ਕਰਦਾ ਹੈ।
ਅੱਜ ਧੀਆਂ ਦੀ ਲੋਹੜੀ ਸਿਰਲੇਖ ਹੇਠ ਤੁਹਾਨੂੰ ਸ਼ਹਿਰ ਦੀਆਂ ਅਜਿਹੀਆਂ ਬੇਟੀਆਂ ਨਾਲ ਮਿਲਵਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਦਮ 'ਤੇ ਸ਼ਹਿਰ ਹੀ ਨਹੀਂ, ਸੂਬੇ ਤੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਬੇਟੀਆਂ ਸਾਡੀ ਸ਼ਾਨ ਹਨ ਅਤੇ ਨੂੰਹਾਂ ਵੀ ਬੇਟੀਆਂ ਹਨ। ਮਹਿਲਾ ਸਸ਼ਕਤੀਕਰਨ ਨੂੰ ਹੱਲਾਸ਼ੇਰੀ ਵੀ ਤਾਂ ਹੀ ਮਿਲੇਗੀ, ਜਦੋਂ ਅਸੀਂ ਸਾਰੇ ਮਿਲ ਕੇ ਇਸ ਲੋਹੜੀ ਦੇ ਤਿਓਹਾਰ ਨੂੰ ਬੇਟੀਆਂ ਦੇ ਨਾਂ ਕਰੀਏ। ਵੈਸੇ ਤਾਂ ਸ਼ਹਿਰ 'ਚ ਟੇਲੈਂਟ ਦੀ ਕਮੀ ਨਹੀਂ ਹੈ ਪਰ ਬੇਟੀਆਂ 'ਚ ਵੀ ਆਪਣੀ ਸ਼ਕਤੀ ਸਾਰਿਆਂ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹੋ ਕੇ ਅੱਗੇ ਵਧਣ ਦੀ ਲਲਕ ਪੈਦਾ ਕਰਨ ਦੀ ਲੋੜ ਹੈ।

ਮਨ ਦੀਆਂ ਅੱਖਾਂ ਨਾਲ ਰਚਿਆ ਇਤਿਹਾਸ
ਇਕ ਕਹਾਵਤ ਹੈ 'ਮਨ ਦੇ ਜਿੱਤੇ ਜਿੱਤ ਹੈ ਤੇ ਮਨ ਦੇ ਹਾਰੇ ਹਾਰ' ਭਾਵ ਕੁੱਝ ਕਰ ਦਿਖਾਉਣ ਦੀ ਇੱਛਾ ਹੋਵੇ ਤਾਂ ਕੁੱਝ ਵੀ ਅਸੰਭਵ ਨਹੀਂ, ਇਸ ਲਈ ਚਾਹੇ ਕਿਸੇ ਵੀ ਤਰ੍ਹਾਂ ਦੇ ਹਾਲਾਤ, ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਅਸਮਰਥਾਵਾਂ ਰਹੀਆਂ ਹੋਣ ਮੰਜ਼ਿਲ ਮਿਲ ਹੀ ਜਾਂਦੀ ਹੈ। ਇਸ ਦੀ ਉਦਾਹਰਨ ਹੈ ਸ਼ਹਿਰ ਦੀ ਬੇਟੀ ਸੰਦੀਪ ਕੌਰ। ਸੰਦੀਪ ਨੇ ਕਈ ਮੁਸ਼ਕਲਾਂ ਪਾਰ ਕਰਦੇ ਹੋਏ ਖੇਡਾਂ 'ਚ ਰਾਸ਼ਟਰੀ ਪੱਧਰ 'ਤੇ 4 ਸੋਨੇ ਦੇ, 3 ਚਾਂਦੀ ਅਤੇ 1 ਕਾਂਸੀ ਦਾ ਮੈਡਲ ਹਾਸਲ ਕੀਤਾ। ਆਓ ਜਾਣੀਏ ਸੰਦੀਪ ਦੀ ਜ਼ੁਬਾਨੀ ਉਸ ਦੇ ਸੰਘਰਸ਼ ਨੂੰ ਪਾਰ ਕਰਨ ਦੀ ਸਫਲਤਾ ਦੀ ਕਹਾਣੀ।
ਮੈਂ ਜਨਮ ਤੋਂ ਹੀ ਨੇਤਰਹੀਣ ਹਾਂ। ਮੇਰੀ ਮਾਂ ਜਸਵਿੰਦਰ ਕੌਰ ਦੀਆਂ ਅੱਖਾਂ ਦੀ ਵੀ ਰੌਸ਼ਨੀ ਨਹੀਂ ਹੈ। ਮੇਰਾ ਪਾਲਣ-ਪੋਸ਼ਣ ਕਰਨ ਲਈ ਮੇਰੀ ਮਾਂ ਨੇ ਕਈ ਮੁਸ਼ਕਲਾਂ ਝੱਲੀਆਂ ਪਰ ਕਦੇ ਹਿੰਮਤ ਨਹੀਂ ਹਾਰੀ। ਪਹਿਲਾਂ ਆਪਣੇ ਆਪ ਨੂੰ ਆਤਮ-ਨਿਰਭਰ ਬਣਾਇਆ ਅਤੇ ਫਿਰ ਮੈਨੂੰ ਸੈਲਫ ਡਿਪੈਂਡੈਂਟ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ। ਮੈਂ ਆਪਣੀ ਮਾਂ ਤੋਂ ਸਖ਼ਤ ਸੰਘਰਸ਼ਾਂ ਨੂੰ ਝੱਲਦੇ ਹੋਏ ਆਪਣੇ ਹੱਕਾਂ ਲਈ ਲੜਨਾ ਸਿੱਖਿਆ ਹੈ। ਮੈਂ ਆਪਣਾ ਰੋਡ ਮਾਡਲ ਆਪਣੀ ਮਾਂ ਨੂੰ ਮੰਨਦੀ ਹਾਂ। ਅੱਜ ਮੈਂ ਜੋ ਕੁੱਝ ਵੀ ਹਾਂ, ਆਪਣੀ ਮਾਂ ਦੀ ਬਦੌਲਤ ਹਾਂ। ਮੈਨੂੰ ਇਥੇ ਤੱਕ ਪਹੁੰਚਾਉਣ ਵਿਚ ਭਗਵੰਤ ਸਿੰਘ ਅਤੇ ਗੁਲਵੰਤ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਹੈ।
ਪੇਂਟਿੰਗਸ 'ਚ ਵੀ ਮਿਲ ਚੁੱਕੇ ਹਨ ਕਈ ਐਵਾਰਡ
ਪੇਂਟਿੰਗ ਵਿਚ ਵੀ ਮੇਰੀ ਦਿਲਚਸਪੀ ਹੈ। ਮੈਂ ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ ਦਾ ਵੀ ਸਕੈੱਚ ਤਿਆਰ ਕਰ ਕੇ ਉਨ੍ਹਾਂ ਨੂੰ ਭੇਟ ਕੀਤਾ ਸੀ। ਉਨ੍ਹਾਂ ਨੇ ਵੀ ਮੇਰੀ ਕਲਾ ਦੀ ਕਾਫੀ ਸ਼ਲਾਘਾ ਕੀਤੀ। ਮੈਂ ਕਦੇ ਰੱਬ ਕੋਲ ਆਪਣੀ ਅਸਮਰੱਥਤਾ ਬਾਰੇ ਗਿਲਾ ਨਹੀਂ ਕੀਤਾ। ਮੈਂ ਮੰਨਦੀ ਹਾਂ ਕਿ ਸਾਡੇ ਵਿਚ ਇਕ ਨਾਰਮਲ ਮਨੁੱਖ ਤੋਂ ਜ਼ਿਆਦਾ ਸਮਰੱਥਾਵਾਂ ਹਨ। ਸਾਨੂੰ ਅੱਗੇ ਵਧਣ ਲਈ ਤਰਸ ਨਹੀਂ ਪਿਆਰ ਅਤੇ ਹੱਲਾਸ਼ੇਰੀ ਦੀ ਲੋੜ ਹੈ। ਹੁਣ ਮੈਂ ਹੋਰਨਾਂ ਨੇਤਰਹੀਣ ਲੜਕੀਆਂ ਦੇ ਆਤਮਵਿਸ਼ਵਾਸ ਨੂੰ ਵਧਾ ਕੇ ਉਨ੍ਹਾਂ ਨੂੰ ਵੀ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਯਤਨ ਕਰ ਰਹੀ ਹਾਂ।

ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ : ਰੁਚੀ ਭੰਡੁਲਾ
ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੈ। ਮੰਜ਼ਿਲ ਪਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਮਨ ਵਿਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਮੰਜ਼ਿਲ ਦੇ ਰਸਤੇ ਵੀ ਆਪਣੇ ਆਪ ਸਾਫ ਦਿਖਾਈ ਦੇਣ ਲਗਦੇ ਹਨ। ਅਜਿਹਾ ਕਹਿਣਾ ਹੈ ਉੱਦਮੀ ਰੁਚੀ ਭੰਡੁਲਾ ਦਾ। ਰੁਚੀ ਟੱਪਰ ਵੇਅਰ ਕੰਪਨੀ ਦੀ ਪੰਜਾਬ ਚੈਪਟਰ ਦੀ ਸੀ. ਈ. ਓ. ਹੈ। ਰੁਚੀ ਕਹਿੰਦੀ ਹੈ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਮਿਹਨਤ ਇੰਨੇ ਵੱਡੇ ਪਲੇਟਫਾਰਮ 'ਤੇ ਮੈਨੂੰ ਲਿਆ ਕੇ ਖੜ੍ਹਾ ਕਰ ਦੇਵੇਗੀ।
ਇਸ ਦੇ ਲਈ ਸਭ ਤੋਂ ਪਹਿਲਾਂ ਕ੍ਰੈਡਿਟ ਮੈਂ ਆਪਣੇ ਪਤੀ ਸੰਜੇ ਭੰਡੁਲਾ ਅਤੇ ਆਪਣੇ ਪਰਿਵਾਰ ਨੂੰ ਦੇਣਾ ਚਾਹਾਂਗੀ, ਜਿਨ੍ਹਾਂ ਨੇ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮੇਰਾ ਸਹਿਯੋਗ ਦਿੱਤਾ। ਇਕ ਨੂੰਹ ਵੀ ਬੇਟੀ ਹੀ ਹੁੰਦੀ ਹੈ। ਇਹ ਮੇਰੇ ਸਹੁਰਾ ਧਿਰ ਨੇ ਸਾਬਤ ਕਰ ਦਿੱਤਾ ਅਤੇ ਮੇਰਾ ਪੂਰਾ ਸਹਿਯੋਗ ਦਿੱਤਾ। ਮੇਰੇ ਅੰਡਰ ਤਿੰਨ ਹਜ਼ਾਰ ਔਰਤਾਂ ਕੰਮ ਕਰਦੀਆਂ ਹਨ। ਕਈ ਔਰਤਾਂ ਨੂੰ ਪਾਵਰਫੁਲ ਬਣਾਇਆ ਹੈ। ਇਨ੍ਹਾਂ ਔਰਤਾਂ ਨੂੰ ਅੱਗੇ ਵਧਦੇ ਦੇਖ ਕੇ ਜੋ ਖੁਸ਼ੀ ਹੁੰਦੀ ਹੈ, ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਖੁਦ 'ਤੇ ਕਿਸੇ ਦੀ ਬੇਟੀ ਤਾਂ ਕਿਸੇ ਦੀ ਨੂੰਹ ਹੋਣ ਦਾ ਮਾਣ ਹੈ। ਮੈਂ ਆਪਣੀ ਬੇਟੀ ਨੂੰ ਵੀ ਆਪਣੀ ਸ਼ਾਨ ਮੰਨਦੀ ਹਾਂ। ਮੇਰਾ ਹਰ ਕਦਮ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਵਧਦਾ ਹੈ ਅਤੇ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਮੰਨਦੀ ਹਾਂ।

ਬੋਲਡ ਐਂਡ ਕਾਨਫੀਡੈਂਟ ਹੋਣਾ ਬੇਹੱਦ ਜ਼ਰੂਰੀ : ਕੁਲਦੀਪ
ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ ਕਿ ਅੱਜ ਦੇ ਮਾਤਾ-ਪਿਤਾ ਆਪਣੀਆਂ ਬੱਚੀਆਂ ਨੂੰ ਖੂਬ ਪੜ੍ਹਾਉਣ ਅਤੇ ਇਸ ਕਾਬਲ ਬਣਾਉਣ ਕਿ ਸਮਾਜ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਹੋਵੇ। ਇਹ ਬੇਟੀਆਂ ਹੀ ਸਾਡੀ ਸ਼ਾਨ ਅਤੇ ਸਾਡਾ ਮਾਣ ਹਨ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦੀ ਮੁਹਿੰਮ ਨੂੰ ਤੇਜ਼ ਕਰ ਰਹੀ ਸਮਾਜਿਕ ਵਰਕਰ ਕੁਲਦੀਪ ਕੌਰ ਆਪਣੇ ਕਲੱਬ, ਪੰਜਾਬੀ ਦੀਵਾਜ ਸੋਸ਼ਲ ਲੇਡੀਜ਼ ਕਲੱਬ ਰਾਹੀਂ ਆਪਣੀ ਟੀਮ ਦੇ ਨਾਲ ਜਿੱਥੇ ਔਰਤ ਸਸ਼ਕਤੀਕਰਨ 'ਤੇ ਕੰਮ ਕਰ ਰਹੀਆਂ ਹਨ, ਉੱਥੇ ਸਮਾਜ 'ਚ ਗਰੀਬ ਲੋੜਵੰਦ ਬੱਚੀਆਂ ਨੂੰ ਮੁਫਤ ਕੋਚਿੰਗ ਦੇਣ ਦੀ ਮੁਹਿੰਮ ਨੂੰ ਵੀ ਤੇਜ਼ ਕਰ ਰਹੀਆਂ ਹਨ।
ਕੁਲਦੀਪ ਕੌਰ ਲਿਟਲ ਚੈਂਪਸ ਸਕੂਲ ਚਲਾ ਰਹੀ ਹੈ ਅਤੇ ਕਲੱਬ ਵੱਲੋਂ ਲੋੜਵੰਦ ਅਤੇ ਗਰੀਬ ਬੱਚਿਆਂ ਲਈ ਮੁਫਤ ਕੋਚਿੰਗ ਸੈਂਟਰ ਵੀ ਸ਼ੁਰੂ ਕੀਤਾ ਹੈ, ਜਿਸ ਵਿਚ 50 ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਸਿੱਖਿਆ ਤੋਂ ਵਧ ਕੇ ਕੋਈ ਦਾਨ ਨਹੀਂ ਹੈ। ਸਾਰੇ ਕਲੱਬ ਦੀਆਂ ਔਰਤਾਂ ਇਕਜੁੱਟ ਹੋ ਕੇ ਸਿੱਖਿਆ ਦਾ ਚਾਨਣ ਫੈਲਾਉਣ ਲਈ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਈ ਗਰੀਬ ਲੜਕੀਆਂ ਦੇ ਵਿਆਹਾਂ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ।

ਰਸੋਈ ਤੱਕ ਹੀ ਸੀਮਤ ਨਹੀਂ ਹੈ ਦੁਨੀਆ : ਰੇਣੂਕਾ ਨਾਗਪਾਲ
ਮਿਸੇਜ਼ ਨਾਜਰਥ ਇੰਡੀਆ 'ਚ ਬਿਊਟੀਫੁਲ ਆਈਜ਼ ਟਾਈਟਲ ਵਿਨਰ ਰੇਣੁਕਾ ਨਾਗਪਾਲ ਨੇ ਕਿਹਾ ਕਿ ਔਰਤਾਂ ਦੀ ਦੁਨੀਆ ਸਿਰਫ ਰਸੋਈ ਤੱਕ ਹੀ ਸੀਮਤ ਨਹੀਂ ਹੈ। ਇਸ ਤੋਂ ਅੱਗੇ ਵੀ ਬਹੁਤ ਕੁੱਝ ਕਰਨ ਲਈ ਹੈ। ਜੇਕਰ ਔਰਤਾਂ ਚਾਹੁਣ ਤਾਂ ਕੁੱਝ ਵੀ ਕਰ ਸਕਦੀਆਂ ਹਨ, ਕਿਉਂਕਿ ਮਮਤਾ ਦੀ ਦੇਵੀ ਕਹੀ ਜਾਣ ਵਾਲੀ ਔਰਤ ਵਿਚ ਮਰਦਾਂ ਤੋਂ ਜ਼ਿਆਦਾ ਕੰਮ ਦੇ ਪ੍ਰਤੀ ਸਮਰਪਣ ਅਤੇ ਸਹਿਣਸ਼ੀਲਤਾ ਲੁਕੀ ਹੈ। ਮੈਂ ਵੀ ਵਿਆਹ ਤੋਂ ਬਾਅਦ ਪਹਿਲਾਂ ਪਹਿਲ ਤਾਂ ਇਸੇ ਗੱਲ ਨਾਲ ਸਮਝੌਤਾ ਕਰ ਲਿਆ ਸੀ ਕਿ ਔਰਤਾਂ ਦਾ ਕੰਮ ਘਰ ਪਰਿਵਾਰ ਨੂੰ ਸੰਭਾਲਣਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੀ ਹੈ ਪਰ ਬਾਅਦ ਵਿਚ ਇਹ ਮਹਿਸੂਸ ਹੋਇਆ ਕਿ ਮੈਂ ਆਪਣੇ ਟੇਲੈਂਟ ਨੂੰ ਦਬਾ ਰਹੀ ਹਾਂ। ਕਾਲਜ ਦੇ ਦਿਨਾਂ ਵਿਚ ਤਾਂ ਖੂਬ ਸਟੇਜ ਪ੍ਰਫਾਰਮ ਕੀਤਾ। ਕਈ ਬਿਊਟੀ ਮੁਕਾਬਲਿਆਂ 'ਚ ਹਿੱਸਾ ਲਿਆ। ਬੱਸ ਫਿਰ ਕੀ ਸੀ, ਮੈਂ ਆਪਣੇ ਪਤੀ, ਬੱਚਿਆਂ ਅਤੇ ਸਹੁਰਾ ਪਰਿਵਾਰ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਵੀ ਮੇਰਾ ਪੂਰਾ ਸਹਿਯੋਗ ਦਿੱਤਾ। ਮੈਂ ਪਹਿਲੀ ਵਾਰ ਬਿਗਗੈਸਟ ਲੂਜ਼ਰ ਕੰਟੈਸਟ ਵਿਚ ਹਿੱਸਾ ਲਿਆ ਅਤੇ ਜੇਤੂ ਰਹੀ। ਇਸ ਤੋਂ ਬਾਅਦ ਸਮਰ ਕੁਈਨ ਮੁਕਾਬਲੇ ਵਿਚ ਹਿੱਸਾ ਲਿਆ। ਇਸ ਨਾਲ ਮੇਰਾ ਕਾਨਫੀਡੈਂਸ ਹੋਰ ਵਧ ਗਿਆ। ਮੈਂ ਨਾਰਥ ਮਿਸੇਜ਼ ਇੰਡੀਆ ਵਿਚ ਹਿੱਸਾ ਲਿਆ। ਇਸ ਵਿਚ ਟਾਈਟਲ ਜੇਤੂ ਰਹੀ। ਹੁਣ ਮੈਨੂੰ ਡੇਜ਼ਲ ਕੰਪਨੀ ਇੰਟਰਨੈਸ਼ਨਲ ਦੀ ਪੂਰੇ ਪੰਜਾਬ ਚੈਪਟਰ ਦੀ ਡਾਇਰੈਕਟਰ ਬਣਾਇਆ ਗਿਆ ਹੈ।
ਬੇਟੀਆਂ ਅਤੇ ਔਰਤਾਂ ਨੂੰ ਸੁਨੇਹਾ
ਇਹੀ ਕਹਿਣਾ ਚਾਹਾਂਗੀ ਕਿ ਕਦੇ ਇਹ ਨਾ ਸੋਚੋ ਕਿ ਫਲਾਣਾ ਕੰਮ ਮੈਂ ਨਹੀਂ ਕਰ ਸਕਾਂਗੀ। ਕਿਸੇ ਵੀ ਕੰਮ ਵਿਚ ਹਾਰ ਅਤੇ ਜਿੱਤ ਮਾਇਨੇ ਨਹੀਂ ਰੱਖਦੀ। ਤੁਹਾਡਾ ਹੌਸਲਾ, ਜੋਸ਼ ਜਜ਼ਬਾ ਮਾਇਨੇ ਰੱਖਦਾ ਹੈ। ਕਾਨਫੀਡੈਂਟ ਨਾਲ ਰਹੋਗੇ ਤਾਂ ਮੰਜ਼ਿਲ ਆਪਣੇ ਆਪ ਮਿਲ ਜਾਵੇਗੀ।

ਜੋ ਵੀ ਰਸਤਾ ਚੁਣੋ ਉਸ 'ਤੇ ਮਨ ਲਾ ਕੇ ਕੰਮ ਕਰੋ : ਯਾਮਯਾ ਅਰੋੜਾ
ਫੀਮੇਲ ਡੀ. ਜੇ. ਵਿਚ ਪ੍ਰਸਿੱਧੀ ਪਾਉਣ ਵਾਲੀ ਯਾਮਯਾ ਅਰੋੜਾ ਕਹਿੰਦੀ ਹੈ ਕਿ ਜਦੋਂ ਮੈਂ ਡੀ. ਜੇ. ਦਾ ਫੀਲਡ ਚੁਣਿਆ ਤਾਂ ਕਈਆਂ ਨੇ ਇਤਰਾਜ਼ ਜਤਾਇਆ ਅਤੇ ਕਈਆਂ ਨੇ ਸ਼ਾਬਾਸ਼ੀ ਦਿੱਤੀ। ਮੇਰੇ ਮਾਪੇ ਹਮੇਸ਼ਾ ਚੱਟਾਨ ਵਾਂਗ ਮੇਰੇ ਨਾਲ ਡਟੇ ਰਹੇ। ਮੇਰੇ ਪਾਪਾ ਨੇ ਕਿਹਾ ਕਿ ਜੋ ਵੀ ਖੇਤਰ ਚੁਣੋ, ਉਸ 'ਤੇ ਮਨ ਲਾ ਕੇ ਕੰਮ ਕਰੋ। ਉਨ੍ਹਾਂ ਦੀ ਕਹੀ ਹਰ ਗੱਲ ਮੇਰੇ ਮਨ ਨੂੰ ਛੂੰਹਦੀ ਰਹੀ। ਮੇਰੀ ਮਾਂ ਨੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਉਤਸ਼ਾਹਤ ਕੀਤਾ। ਅੱਜ ਪੰਜਾਬ ਭਰ ਵਿਚ ਸਿਰਫ ਮੈਂ ਹੀ ਫੀਮੇਲ ਡੀ. ਜੇ. ਵਜੋਂ ਆਪਣਾ ਨਾਂ ਕਮਾ ਰਹੀ ਹਾਂ। ਕੰਮ ਕੋਈ ਵੀ ਹੋਵੇ, ਜੇਕਰ ਪੂਰੀ ਸਮਰਪਣ ਭਾਵਨਾ ਨਾਲ ਕੀਤਾ ਜਾਵੇ ਤਾਂ ਮੰਜ਼ਿਲ ਦੂਰ ਨਹੀਂ ਹੁੰਦੀ।
ਪਹਿਲਾਂ ਜਿੱਥੇ ਇਸ ਫੀਲਡ ਨੂੰ ਲੜਕੀਆਂ ਲਈ ਸਹੀ ਨਹੀਂ ਮੰਨਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਲੜਕੀਆਂ ਹਰ ਖੇਤਰ ਵਿਚ ਆਪਣਾ ਝੰਡਾ ਲਹਿਰਾ ਰਹੀਆਂ ਹਨ। ਲੋੜ ਸਿਰਫ ਇਸੇ ਗੱਲ ਦੀ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਉਸ ਮੰਜ਼ਿਲ ਨੂੰ ਪਾਉਣ ਲਈ ਤੁਹਾਡੇ ਵਿਚ ਕਿੰਨਾ ਜਜ਼ਬਾ ਅਤੇ ਹੌਸਲਾ ਹੈ। ਮੈਂ ਫੈਸ਼ਨ ਡਿਜ਼ਾਈਨਿੰਗ ਦਾ ਵੀ ਕੋਰਸ ਕੀਤਾ ਹੈ। ਕਈ ਫੈਸ਼ਨ ਸ਼ੋਅ ਅਤੇ ਗੀਤਾਂ 'ਚ ਮਾਡਲਿੰਗ ਕੀਤੀ ਹੈ, ਜਿਸ ਵਿਚ ਕਈ ਐਵਾਰਡ ਵੀ ਹਾਸਲ ਕੀਤੇ ਹਨ ਪਰ ਮੇਰਾ ਪੈਸ਼ਨ ਗਲੈਮਰ ਦੀ ਦੁਨੀਆ 'ਚ ਕੁੱਝ ਵੱਖਰਾ ਕਰਨਾ ਹੀ ਸੀ। ਇਸ ਲਈ ਹੀ ਇਸ ਡੀ. ਜੇ. ਦੇ ਫੀਲਡ ਨੂੰ ਚੁਣਿਆ ਹੈ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹਾਂ।

ਬੇਟੀ ਪੜ੍ਹਾਓਂਗੇ ਤਾਂ ਹੀ ਹੋਵੇਗਾ ਦੇਸ਼ ਦਾ ਸਰਵਪੱਖੀ ਵਿਕਾਸ : ਆਈ. ਏ. ਐੱਸ. ਸੁਰਭੀ ਮਲਿਕ
ਬੇਟੀਆਂ ਦੀ ਉੱਚ ਸਿੱਖਿਆ ਵੱਲ ਮਾਪੇ ਧਿਆਨ ਦੇਣ ਕਿਉਂਕਿ ਜੇਕਰ ਬੇਟੀ ਪੜ੍ਹੇਗੀ, ਸਸ਼ਕਤ ਹੋਵੇਗੀ ਦੇਸ਼ ਦਾ ਵਿਕਾਸ ਵੀ ਤਾਂ ਹੀ ਹੋਵੇਗੀ। ਅੱਜ ਜਦੋਂਕਿ ਔਰਤ ਹਰ ਕਦਮ 'ਤੇ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ ਪਰ ਅਜੇ ਵੀ ਸਮਾਜ ਨੂੰ ਬੇਟੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਅਜਿਹਾ ਕਹਿਣਾ ਹੈ ਆਈ. ਏ . ਐੱਸ. ਅਧਿਕਾਰੀ ਸੁਰਭੀ ਮਲਿਕ ਦਾ। ਸੁਰਭੀ ਮਲਿਕ 2012 ਬੈਚ ਦੀ ਆਈ. ਏ. ਐੱਸ. ਅਫਸਰ ਹੈ। ਉਨ੍ਹਾਂ ਦੀ ਪਹਿਲੀ ਪੋਸਟਿੰਗ ਬਤੌਰ ਐੱਸ. ਡੀ. ਐੱਮ. ਨੰਗਲ ਵਿਚ ਹੋਈ। ਇਸ ਤੋਂ ਬਾਅਦ ਰੂਪਨਗਰ ਵਿਚ ਏ. ਡੀ. ਸੀ. ਰਹੀ। ਫਿਰ ਬਤੌਰ ਵਧੀਕ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਅਤੇ ਹੁਣ ਏ. ਡੀ. ਸੀ. ਡਿਵੈੱਲਪਮੈਂਟ ਲੁਧਿਆਣਾ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ।
ਮੇਰੀ ਮਾਂ ਹੈ ਮੇਰੀ ਰੋਲ ਮਾਡਲ
ਮੇਰੀ ਮਾਂ ਸੁਚਿਤਾ ਮਲਿਕ ਇੰਗਲਿਸ਼ ਸਾਹਿਤ ਵਿਚ ਬਤੌਰ ਲੇਖਕਾ ਇਕ ਵਿਸ਼ੇਸ਼ ਨਾਂ ਹੈ। ਉਨ੍ਹਾਂ ਨੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੈਂ ਸਕੂਲ ਅਤੇ ਕਾਲਜ ਸਮੇਂ ਕਈ ਪ੍ਰਾਪਤੀਆਂ ਹਾਸਲ ਕੀਤੀਆਂ। ਬੈੱਡਮਿੰਟਨ ਪਲੇਅਰ ਵੀ ਰਹੀ ਹਾਂ। ਮੇਰੇ ਪਾਪਾ ਜੋਧਾਵੀਰ ਮਲਿਕ ਦੀ ਵੀ ਮੈਨੂੰ ਕਾਫੀ ਸਪੋਰਟ ਰਹੀ ਹੈ। ਮੇਰੇ ਮਾਪਿਆਂ ਨੇ ਬੇਟੇ ਤੋਂ ਵਧ ਕੇ ਮੇਰਾ ਪਾਲਣ-ਪੋਸ਼ਣ ਕੀਤਾ ਹੈ। ਮੇਰਾ ਇਹੀ ਮੰਨਣਾ ਹੈ ਕਿ ਜੇਕਰ ਬੇਟੀ ਨੂੰ ਉੱਚ ਸਿੱਖਿਆ ਦਿੱਤੀ ਜਾਵੇ ਅਤੇ ਸੈਲਫ ਡਿਪੈਂਡੈਂਟ ਬਣਾਇਆ ਜਾਵੇ ਤਾਂ ਔਰਤ ਸਸ਼ਕਤੀਕਰਨ ਨੂੰ ਕਾਫੀ ਹੱਲਾਸ਼ੇਰੀ ਮਿਲੇਗੀ।
ਕੇ. ਵੀ. ਐੱਮ. ਸਕੂਲ ਦੀ ਐੱਲ. ਕੇ. ਜੀ. ਦੀ ਵਿਦਿਆਰਥਣ ਇਨਾਇਤ ਵਰਮਾ ਸਭ ਤੋਂ ਵੱਡਾ ਕਲਾਕਾਰ ਸ਼ੋਅ ਦੀ ਬੈਸਟ ਪ੍ਰਫਾਰਮਰ ਰਹੀ ਹੈ। ਇਸ ਨੰਨ੍ਹੀ ਪਰੀ ਨੂੰ ਕਈ ਸੀਰੀਅਲਾਂ ਲਈ ਪੇਸ਼ਕਸ਼ਾਂ ਆ ਰਹੀਆਂ ਹਨ। ਸ਼ੋਅ ਵਿਚ ਜੱਜ ਰਹੇ ਰਵੀਨਾ ਟੰਡਨ, ਬੋਮਨ ਇਰਾਨੀ ਅਤੇ ਅਰਸ਼ਦ ਵਾਰਸੀ ਦੀ ਫੇਵਰੇਟ ਰਹੀ ਇਨਾਇਤ ਹਾਲ ਦੀ ਘੜੀ ਆਪਣੀ ਪੜ੍ਹਾਈ 'ਚ ਬਿਜ਼ੀ ਹੈ।

ਸਭ ਤੋਂ ਵੱਡਾ ਕਲਾਕਾਰ ਸ਼ੋਅ ਦੀ ਬੈਸਟ ਪ੍ਰਫਾਰਮਰ ਐੱਲ. ਕੇ. ਜੀ. ਦੀ ਵਿਦਿਆਰਥਣ ਇਨਾਇਤ ਵਰਮਾ ਨੂੰ ਵੀ ਮਿਲ ਰਹੇ ਕਈ ਆਫਰਜ਼...
ਨੰਨ੍ਹੀ-ਮੁੰਨੀ ਇਨਾਇਤ ਨੇ ਕਿਹਾ ਕਿ ਉਹ ਵੀ ਵੱਡੀ ਹੋ ਕੇ ਬੈਸਟ ਐਕਟ੍ਰੈੱਸ ਬਣਨਾ ਚਾਹੁੰਦੀ ਹੈ। ਸਭ ਤੋਂ ਵੱਡਾ ਕਲਾਕਾਰ ਸ਼ੋਅ 'ਚ ਮੈਨੂੰ ਜਾ ਕੇ ਬੇਹੱਦ ਚੰਗਾ ਲੱਗਾ। ਇਨਾਇਤ ਦੀ ਮਦਰ ਮੋਨਿਕਾ ਨੇ ਦੱਸਿਆ ਕਿ ਇਨਾਇਤ ਨੂੰ ਸੀਰੀਅਲਾਂ ਲਈ ਕਾਫੀ ਪੇਸ਼ਕਸ਼ਾਂ ਮਿਲ ਰਹੀਆਂ ਹਨ। ਅਜੇ ਹਾਲ ਹੀ ਵਿਚ ਉਹ ਸਲਮਾਨ ਖਾਨ ਦੀ ਫਿਲਮ ਟਿਊਬ ਲਾਈਟ ਦੀ ਪ੍ਰਮੋਸ਼ਨ 'ਤੇ ਵੀ ਸਲਮਾਨ ਖਾਨ ਦੇ ਨਾਲ ਸੀ। ਇੰਨੀ ਛੋਟੀ ਉਮਰ ਵਿਚ ਇਨਾਇਤ ਦੀ ਸਫਲਤਾ ਤੋਂ ਉਹ ਬੇਹੱਦ ਖੁਸ਼ ਹੈ ਅਤੇ ਆਪਣੀ ਬੇਟੀ 'ਤੇ ਉਸ ਨੂੰ ਮਾਣ ਹੈ। ਉਹ ਕਹਿੰਦੀ ਹੈ ਕਿ ਬੇਟੀਆਂ ਬੇਟਿਆਂ ਤੋਂ ਵਧ ਕੇ ਆਪਣੇ ਮਾਪਿਆਂ ਨਾਲ ਪਿਆਰ ਕਰਦੀਆਂ ਹਨ। ਸਿਰਫ ਬੇਟੇ ਹੀ ਮਾਂ-ਬਾਪ ਦਾ ਸਹਾਰਾ ਬਣਦੇ ਹਨ, ਸਮਾਜ ਦੀ ਇਸ ਸੋਚ ਨੂੰ ਬਦਲਣ ਦੀ ਲੋੜ ਹੈ।

10 ਸਾਲ ਦੀ ਆਰੂਸ਼ੀ ਸਕਸੈਨਾ ਨੇ ਡਾਂਸਿੰਗ 'ਚ ਜਿੱਤਿਆ ਸਾਰਿਆਂ ਦਾ ਦਿਲ : ਸੁਪਰ ਡਾਂਸਰ ਚੈਪਟਰ-2 ਵਿਚ ਟਾਪ 6 ਵਿਚ ਹੈ ਆਰੁਸ਼ੀ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਬੇਟੀ ਜਿਸ ਦੀ ਉਮਰ ਸਿਰਫ 10 ਸਾਲ ਹੈ। ਆਰੁਸ਼ੀ ਸਕਸੈਨਾ ਸੋਨੀ ਚੈਨਲ ਦੇ ਸ਼ੋਅ ਸੁਪਰ ਡਾਂਸਰ ਚੈਪਟਰ-2 ਵਿਚ ਟਾਪ 'ਤੇ ਹੈ। ਹੁਣ ਵੀ ਸ਼ੋਅ ਵਿਚ ਹੀ ਆਪਣੀ ਪੇਸ਼ਕਾਰੀ ਦੇ ਰਹੀ ਹੈ ਅਤੇ ਜੇਤੂ ਦੀ ਉਪਾਧੀ ਲੈਣ ਲਈ ਸਖਤ ਮਿਹਨਤ ਕਰ ਰਹੀ ਹੈ। ਆਰੂਸ਼ੀ ਨੇ ਹਾਲ ਹੀ ਵਿਚ ਬੈਸਟ ਪ੍ਰਫਾਰਮਰ ਦਾ ਐਵਾਰਡ ਵੀ ਹਾਸਲ ਕੀਤਾ।
ਮੋਟਸ ਵਰਸੇਟਾਈਲ ਡਾਂਸਰ ਹੈ ਆਰੂਸ਼ੀ
ਸ਼ੋਅ ਵਿਚ ਸਲਮਾਨ ਖਾਨ ਨੇ ਕਿਹਾ ਕਿ ਆਰੂਸ਼ੀ ਦਾ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਕਾਬਿਲੇ ਤਾਰੀਫ ਹੈ। ਗੋਵਿੰਦਾ ਨੇ ਕਿਹਾ ਕਿ ਆਰੂਸ਼ੀ ਸਕਸੈਨਾ ਡਾਂਸ ਵਿਚ ਨੈਸ਼ਨਲ ਪੁਰਸਕਾਰ ਦੀ ਹੱਕਦਾਰ ਬਣਦੀ ਹੈ ਅਤੇ ਰੇਖਾ ਨੇ ਕਿਹਾ ਕਿ ਆਰੁਸ਼ੀ ਦੀ ਡਾਂਸ ਪ੍ਰਫਾਰਮੈਂਸ ਦੇਖ ਕੇ ਮੈਨੂੰ ਪੰਡਤ ਬਿਰਜੂ ਮਹਾਰਾਜ ਦੇ ਨਾਚ ਦੀ ਫੀਲਿੰਗ ਆਈ ਹੈ।
ਮੇਰੀ ਬੇਟੀ ਮੇਰੀ ਸ਼ਾਨ
ਆਰੂਸ਼ੀ ਦੀ ਮਾਤਾ ਡਾ. ਸ਼ਿਖਾ ਨੇ ਕਿਹਾ ਕਿ ਬੇਟੀਆਂ ਦਿਲ ਦੀਆਂ ਧੜਕਣਾਂ ਹਨ। ਜਦੋਂ ਇਹ ਅੱਗੇ ਵਧਦੀਆਂ ਹਨ ਤਾਂ ਜੋ ਖੁਸ਼ੀ ਮਿਲਦੀ ਹੈ, ਉਹ ਅਨਮੋਲ ਹੈ। ਬੇਟੀਆਂ ਦੇ ਟੇਲੈਂਟ ਨੂੰ ਸਾਹਮਣੇ ਲਿਆਉਣ ਲਈ ਹਰ ਮਾਂ ਬਾਪ ਸਹਿਯੋਗੀ ਬਣਨ।

ਨੌਵੀਂ ਕਲਾਸ ਦੀ ਅਰਚਿਤਾ ਜੈਨ ਫੈਲਾ ਰਹੀ ਸਿੱਖਿਆ ਦਾ ਚਾਨਣ
ਜੀਸੇਸ ਸੈਕਰਡ ਹਾਰਟ, ਸਾਊਥ ਸਿਟੀ ਦੀ ਨੌਵੀਂ ਕਲਾਸ ਦੀ ਅਰਚਿਤਾ ਜੈਨ ਆਪਣੀ ਪੜ੍ਹਾਈ ਦੇ ਨਾਲ ਨਾਲ ਝੁੱਗੀ-ਝੌਂਪੜੀਆਂ ਦੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਜਿੱਥੇ ਬੱਚੇ ਆਪਣੇ ਸਕੂਲ ਦੇ ਦਿਨਾਂ ਦੇ ਹੋਮਵਰਕ ਅਤੇ ਪੜ੍ਹਾਈ ਦੇ ਤਣਾਅ ਨੂੰ ਘੱਟ ਕਰਨ ਲਈ ਵੀਕਏਂਡ ਨੂੰ ਇੰਜੁਆਏ ਕਰਨਾ ਜ਼ਿਆਦਾ ਪਸੰਦ ਕਰਦੇ ਹਨ, Àੁੱਥੇ ਅਰਚਿਤਾ ਆਪਣੇ ਸਮੇਂ ਨੂੰ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਅਤੇ ਇਨ੍ਹਾਂ ਦੇ ਨਾਲ ਖੇਡਣ ਵਿਚ ਸਮਾਂ ਬਤੀਤ ਕਰਦੀ ਹੈ।
ਅਰਚਿਤਾ ਕਹਿੰਦੀ ਹੈ ਕਿ ਮੈਨੂੰ ਇਨ੍ਹਾਂ ਬੱਚਿਆਂ ਦੀ ਹੈਲਪ ਕਰਨ 'ਚ ਬੇਹੱਦ ਸਕੂਲ ਮਿਲਦਾ ਹੈ। ਮੈਂ ਦੇਖਿਆ ਹੈ ਕਿ ਇਹ ਬੱਚੇ ਨੰਗੇ ਪੈਰ ਸੜਕਾਂ 'ਤੇ ਭੀਖ ਮੰਗਦੇ ਹਨ। ਕੋਈ ਇਨ੍ਹਾਂ ਨੂੰ ਸਕੂਲ ਨਹੀਂ ਭੇਜਦਾ। ਥੋੜ੍ਹੇ ਜਿਹਾ ਖਾਣੇ ਲਈ ਟੁੱਟ ਪੈਂਦੇ ਹਨ। ਮੈਂ ਸੋਚਿਆ, ਮੈਂ ਜੋ ਵੀ ਕੁੱਝ ਕਹਿੰਦੀ ਹਾਂ, ਮੇਰੇ ਮੰਮੀ ਅਤੇ ਮੇਰੀ ਨਾਨੀ ਉਸੇ ਸਮੇਂ ਪੂਰਾ ਕਰ ਦਿੰਦੀ ਹੈ। ਮੈਨੂੰ ਚੰਗੀ ਸਿੱਖਿਆ ਦੁਆ ਰਹੀ ਹੈ ਅਤੇ ਮੇਰੀ ਹਰ ਗੱਲ ਨੂੰ ਅਹਿਮੀਅਤ ਦਿੰਦੀ ਹੈ ਪਰ ਇਹ ਵੀ ਤਾਂ ਬੱਚੇ ਹਨ। ਕੀ ਇਨ੍ਹਾਂ ਦਾ ਮਨ ਨਹੀਂ ਕਰਦਾ ਕਿ ਇਹ ਵੀ ਸਾਡੇ ਵਾਂਗ ਸਕੂਲਾਂ ਵਿਚ ਪੜ੍ਹਨ ਜਾਣ ਅਤੇ ਕੋਈ ਇਨ੍ਹਾਂ ਨੂੰ ਵੀ ਪਿਆਰ ਦੇ ਨਾਲ ਖਾਣਾ ਖੁਆਵੇ। ਮੇਰੀ ਇਸ ਧਾਰਨਾ ਦੀ ਕਦਰ ਮੇਰੀ ਮਾਂ ਨਿਧੀ ਜੈਨ ਅਤੇ ਮੇਰੀ ਨਾਨੀ ਕਿਰਨ ਜੈਨ ਨੇ ਕੀਤੀ। ਉਨ੍ਹਾਂ ਮੇਰਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੈਂ ਹਰ ਸ਼ਨੀਵਾਰ ਅਤੇ ਐਤਵਾਰ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਸ਼ੁਰੂ ਕੀਤਾ ਸਗੋਂ ਇਨ੍ਹਾਂ ਬੱਚਿਆਂ ਨੂੰ ਖਾਣਾ ਵੀ ਪਰੋਸਦੀ ਹਾਂ। ਇਨ੍ਹਾਂ 'ਚ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਵੇ ਇਸ ਲਈ ਤੋਹਫੇ ਵਜੋਂ ਚਾਕਲੇਟ ਵੀ ਵੰਡਦੀ ਹਾਂ। ਮੈਂ ਆਪਣੀਆਂ ਦੋਸਤਾਂ ਨੂੰ ਵੀ ਇਹੀ ਕਹਿੰਦੀ ਹਾਂ ਕਿ ਘੱਟ ਤੋਂ ਘੱਟ ਇਕ ਬੱਚੇ ਨੂੰ ਵੀ ਜੇਕਰ ਅਸੀਂ ਉੁਹ ਸਿੱਖਿਆ ਦੇਈਏ ਜੋ ਸਾਨੂੰ ਮਿਲ ਰਹੀ ਹੈ ਤਾਂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵੀ ਬਦਲ ਜਾਵੇਗੀ।
