ਨਾਬਾਲਗ ਧੀ ਦੇ ਮੋਬਾਇਲ ਨੇ ਪੁਲਸ ਜੋੜੇ ਦੀ ਜ਼ਿੰਦਗੀ 'ਚ ਲਿਆਂਦਾ ਭੂਚਾਲ, ਸੱਚ ਪਤਾ ਲੱਗਣ 'ਤੇ ਘੁੰਮ ਗਿਆ ਦਿਮਾਗ

Monday, Oct 12, 2020 - 10:29 AM (IST)

ਨਾਬਾਲਗ ਧੀ ਦੇ ਮੋਬਾਇਲ ਨੇ ਪੁਲਸ ਜੋੜੇ ਦੀ ਜ਼ਿੰਦਗੀ 'ਚ ਲਿਆਂਦਾ ਭੂਚਾਲ, ਸੱਚ ਪਤਾ ਲੱਗਣ 'ਤੇ ਘੁੰਮ ਗਿਆ ਦਿਮਾਗ

ਫਿਲੌਰ (ਭਾਖੜੀ) : ਨਾਬਾਲਗ ਬੇਟੀ ਨੂੰ ਆਨਲਾਈਨ ਪੜ੍ਹਾਈ ਲਈ ਦਿੱਤੇ ਮੋਬਾਇਲ ਨੇ ਪੁਲਸ ਜੋੜੇ ਦੀ ਜ਼ਿੰਦਗੀ 'ਚ ਭੂਚਾਲ ਲੈ ਆਂਦਾ। ਇਸੇ ਮੋਬਾਇਲ ਰਾਹੀਂ ਕੁੜੀ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਇਕ ਮੁੰਡਾ ਘਰ ’ਚ ਪਏ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਵਾ ਕੇ ਆਪਣੇ ਕੋਲ ਮੰਗਵਾਉਂਦਾ ਰਿਹਾ। ਸ਼ਿਕਾਇਤ ਮਿਲਦੇ ਹੀ ਪੁਲਸ ਨੇ ਪ੍ਰੇਮੀ ਅਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਦੀ ਧੀ ਹੀ ਨਹੀਂ ਸਗੋਂ ਹੋਰ ਕਈ ਕੁੜੀਆਂ ਹਨ, ਜਿਨ੍ਹਾਂ ਨੂੰ ਇਹ ਗਿਰੋਹ ਆਪਣੇ ਜਾਲ 'ਚ ਫਸਾ ਕੇ ਘਰੋਂ ਚੋਰੀ ਕਰਨ ਲਈ ਮਜ਼ਬੂਰ ਕਰਦਾ ਹੈ। 
ਬਦਨਾਮੀ ਦੇ ਡਰੋਂ ਮਾਤਾ-ਪਿਤਾ ਨਹੀਂ ਆ ਰਹੇ ਸਾਹਮਣੇ 
ਜਾਣਕਾਰੀ ਅਨੁਸਾਰ ਪੰਜਾਬ ਪੁਲਸ ਅਕੈਡਮੀ ’ਚ ਤਾਇਨਾਤ ਸਬ ਇੰਸਪੈਕਟਰ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਪੁਲਸ ਮਹਿਕਮੇ 'ਚ ਏ. ਐੱਸ. ਆਈ. ਦੇ ਅਹੁਦੇ ’ਤੇ ਤਾਇਨਾਤ ਹੈ। ਉਸ ਦੇ ਦੋ ਬੱਚੇ ਵੱਡੀ ਬੇਟੀ ਜੋ 9ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਬੇਟਾ 9 ਸਾਲ ਦਾ ਹੈ। ਤਾਲਾਬੰਦੀ ਕਾਰਨ ਸਕੂਲ ਬੰਦ ਹੋ ਗਏ ਅਤੇ ਆਨਲਾਈਨ ਪੜ੍ਹਾਈ ਲਈ ਉਨ੍ਹਾਂ ਨੇ ਬੇਟੀ ਨੂੰ ਮੋਬਾਇਲ ਫੋਨ ਲੈ ਦਿੱਤਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜੋ ਮੋਬਾਇਲ ਫੋਨ ਉਨ੍ਹਾਂ ਨੇ ਆਪਣੀ ਬੇਟੀ ਦੇ ਚੰਗੇ ਭਵਿੱਖ ਲਈ ਲੈ ਕੇ ਦਿੱਤਾ ਹੈ, ਉਹ ਉਨ੍ਹਾਂ ਦੀ ਜ਼ਿੰਦਗੀ 'ਚ ਭੂਚਾਲ ਲਿਆ ਦੇਵੇਗਾ, ਜੋ ਕੁੱਝ ਵੀ ਪਤੀ-ਪਤਨੀ ਨੇ ਬੀਤੇ ਸਾਲਾਂ 'ਚ ਮਿਹਨਤ ਕਰ ਕੇ ਕਮਾਇਆ, ਉਹ ਸਭ ਕੁੱਝ ਦਿਨਾਂ 'ਚ ਹੀ ਲੁੱਟ ਜਾਵੇਗਾ।
ਮੁਲਜ਼ਮ ਮੁੰਡੇ ਨੇ ਇੰਝ ਜਾਲ ’ਚ ਫਸਾਇਆ
ਅਧਿਕਾਰੀ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਦੀ ਬੇਟੀ ਦੇ ਫੋਨ ’ਤੇ ਕਿਸੇ ਅਣਜਾਣ ਨੰਬਰ ਤੋਂ ਐੱਸ. ਐੱਮ. ਐੱਸ. ਆਇਆ। ਉਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਦੁਬਾਰਾ ਫਿਰ ਮੈਸੇਜ ਆਏ। ਮੈਸੇਜ ਕਰਨ ਵਾਲਾ ਮੁੰਡਾ ਗੁਰਪ੍ਰੀਤ ਜੋ ਸਥਾਨਕ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਨੇ ਇਸ ਤਰ੍ਹਾਂ ਜਾਲ ਵਿਛਾਇਆ ਕਿ ਉਸ ਦੀ ਨਾਬਾਲਗ ਬੇਟੀ ਉਸ ਦੇ ਜਾਲ 'ਚ ਫਸਦੀ ਚਲੀ ਗਈ ਆਪਣੇ ਜਾਲ 'ਚ ਫਸਾਉਣ ਤੋਂ ਬਾਅਦ ਗੁਰਪ੍ਰੀਤ ਨੇ ਉਸ ਨੂੰ ਮਿਲਣ ਲਈ ਬੁਲਾ ਲਿਆ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ, ਉਨ੍ਹਾਂ ਦੇ ਘਰ ਚੋਰੀਆਂ ਦਾ ਸਿਲਸਿਲਾ।
2000 ਤੋਂ ਚੋਰੀ ਸ਼ੁਰੂ ਹੋ ਕੇ ਲੱਖਾਂ ਰੁਪਏ ਦੇ ਗਹਿਣਿਆਂ ਤੱਕ ਪੁੱਜੀ
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਨੇ ਉਨ੍ਹਾਂ ਦੀ ਬੇਟੀ ਨੂੰ ਪੂਰੀ ਤਰ੍ਹਾਂ ਆਪਣੇ ਜਾਲ ’ਚ ਫਸਾਉਣ ਦੇ ਚੱਕਰ ’ਚ ਆਪਣੀ ਮਾਂ ਨਾਲ ਵੀ ਮਿਲਵਾ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੀ ਬੇਟੀ ਨੂੰ ਕੋਈ ਮਜ਼ਬੂਰੀ ਦੱਸ ਕੇ ਉਸ ਤੋਂ 2 ਹਜ਼ਾਰ ਰੁਪਏ ਮੰਗਵਾ ਲਏ। ਉਸ ਤੋਂ ਬਾਅਦ ਉਹ ਰੋਜ਼ਾਨਾ ਤੋਂ ਪੈਸੇ ਮੰਗਵਾਉਂਦਾ ਰਿਹਾ ਅਤੇ ਬੇਟੀ ਉਸ ਨੂੰ ਘਰੋਂ ਚੁੱਕ ਕੇ ਦਿੰਦੀ ਰਹੀ। ਇਕ ਦਿਨ ਜਦ ਉਸ ਦੀ ਬੇਟੀ ਨੇ ਰੁਪਏ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਗੁਰਪ੍ਰੀਤ ਤੇ ਉਸ ਦੀ ਮਾਂ ਨੇ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਵੇਗੀ ਤਾਂ ਉਸ ਦੇ ਛੋਟੇ ਭਰਾ ਨੂੰ ਮਰਵਾ ਦੇਣਗੇ। ਜੇਕਰ ਘਰ ਰੁਪਏ ਨਹੀਂ ਪਏ ਤਾਂ ਸੋਨੇ ਦੇ ਗਹਿਣੇ ਚੁੱਕ ਕੇ ਲਿਆ ਦੇਵੇ। ਡਰੀ ਹੋਈ ਬੇਟੀ ਘਰੋਂ 2 ਸੋਨੇ ਦੀਆਂ ਚੇਨਾਂ ਜਿਨ੍ਹਾਂ ’ਚ ਇਕ ਡੇਢ ਤੋਲੇ ਦੀ ਸੀ ਅਤੇ ਇਕ ਢਾਈ ਤੋਲੇ ਦਾ ਸੋਨੇ ਦਾ ਹਾਰ ਘਰੋਂ ਚੋਰੀ ਕਰ ਕੇ ਉਨ੍ਹਾਂ ਨੂੰ ਦੇ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਫਿਰ ਬੇਟੀ ਨੂੰ ਡਰਾ ਕੇ ਘਰ 'ਚ ਪਏ 10 ਹਜ਼ਾਰ ਰੁਪਏ ਹੋਰ ਮੰਗਵਾ ਲਏ। ਘਰ 'ਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਪੁਲਸ ਜੋੜੇ ’ਚ ਝਗੜਾ ਹੋਣ ਲੱਗ ਪਿਆ।
ਸਮੇਂ ਸਿਰ ਪਤਾ ਨਾ ਲੱਗਦਾ ਤਾਂ ਲੁੱਟ ਸਕਦੀ ਸੀ ਬੇਟੀ ਦੀ ਇੱਜ਼ਤ
ਅਧਿਕਾਰੀ ਨੇ ਦੱਸਿਆ ਕਿ ਘਰੋਂ ਆਏ ਦਿਨ ਸਮਾਨ ਚੋਰੀ ਹੋਣ ਤੋਂ ਬਾਅਦ ਸਾਡੇ ਪਤੀ-ਪਤਨੀ 'ਚ ਝਗੜਾ ਹੋਣ ਲੱਗ ਪਿਆ ਤਾਂ ਬੇਟੀ ਤੋਂ ਰਿਹਾ ਨਹੀਂ ਗਿਆ ਤਾਂ ਉਸ ਨੇ ਆਪਣੀ ਮਾਂ ਨੂੰ ਰੋਂਦੇ ਹੋਏ ਸਭ ਕੁਝ ਦੱਸ ਦਿੱਤਾ ਕਿ ਕਿਸ ਤਰ੍ਹਾਂ ਗੁਰਪ੍ਰੀਤ ਨੇ ਉਸ ਨਾਲ ਆਪਣੀ ਮਾਤਾ ਨਾਲ ਮਿਲ ਕੇ ਪ੍ਰੇਮ ਜਾਲ ਵਿਚ ਫਸਾ ਕੇ ਸਭ ਕੁਝ ਲੁੱਟ ਲਿਆ। ਹੁਣ ਉਹ ਜ਼ਬਰਦਸਤੀ ਉਸ ਨਾਲ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਹੈ। ਪੂਰੀ ਘਟਨਾ ਸੁਣ ਕੇ ਪੁਲਸ ਜੋੜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਨੇ ਤੁਰੰਤ ਸਥਾਨਕ ਪੁਲਸ ਥਾਣੇ ’ਚ ਮੁਲਜ਼ਮ ਅਤੇ ਉਸ ਦੀ ਮਾਂ ਖ਼ਿਲਾਫ ਮਾਮਲਾ ਦਰਜ ਕਰਵਾ ਦਿੱਤਾ।
ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਖੁੱਲ੍ਹ ਸਕਦੇ ਹੋਰ ਵੀ ਕਈ ਰਾਜ਼
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਕਿਸੇ ਤਰ੍ਹਾਂ ਨਾਲ ਹਿੰਮਤ ਕਰ ਕੇ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ। ਉਸ ਤੋਂ ਬਾਅਦ ਪੁਲਸ ਅਧਿਕਾਰੀ ਆਪਣੇ ਪੱਧਰ ’ਤੇ ਫਾਸਟ ਫੂਡ ਦੀ ਦੁਕਾਨ ’ਤੇ ਪੁੱਜਿਆ, ਜਿੱਥੇ ਉਸ ਦੀ ਬੇਟੀ ਅਕਸਰ ਨੂੰ ਮੁਲਜ਼ਮ ਮਿਲਣ ਲਈ ਬਲਾਉਂਦਾ ਸੀ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਦੋਂ ਅਧਿਕਾਰੀ ਨੇ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਉਪਰੋਕਤ ਲੜਕਾ ਗੁਰਪ੍ਰੀਤ ਉਨ੍ਹਾਂ ਦੀ ਬੇਟੀ ਤੋਂ ਇਲਾਵਾ ਹੋਰ ਵੀ ਦੋ ਕੁੜੀਆਂ ਨਾਲ ਮਿਲ ਰਿਹਾ ਸੀ। ਕੁੜੀਆਂ ਵੀ ਉਨ੍ਹਾਂ ਦੀ ਬੇਟੀ ਤਰ੍ਹਾਂ ਛੋਟੀ ਉਮਰ ਦੀਆਂ ਹਨ। ਮੁਲਜ਼ਮ ਹੋ ਸਕਦਾ ਹੈ ਉਨ੍ਹਾਂ ਕੁੜੀਆਂ ਨੂੰ ਵੀ ਬਲੈਕਮੇਲ ਕਰ ਕੇ ਪੈਸੇ ਠੱਗਦਾ ਹੋਵੇ। ਪੁਲਸ ਅਧਿਕਾਰੀ ਛਾਣਬੀਣ ਕਰਦਾ ਹੋਇਆ ਸੁਨਿਆਰੇ ਦੀ ਦੁਕਾਨ ’ਤੇ ਪੁੱਜਾ, ਜਿੱਥੇ ਮੁਲਜ਼ਮ ਲੜਕੇ ਨੇ ਉਸ ਦੇ ਘਰ ’ਚੋਂ ਚੋਰੀ ਹੋਏ ਗਹਿਣੇ ਵੀ ਵੇਚੇ ਸੀ।
ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਕੇ ਪੁਲਸ ਗੰਭੀਰਤਾ ਨਾਲ ਕਰੇਗੀ ਜਾਂਚ
ਇਸ ਸਬੰਧ ’ਚ ਜਦ ਥਾਣਾ ਇੰਚਾਰਜ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਮੁਲਜ਼ਮ ਲੜਕੇ ਗੁਰਪ੍ਰੀਤ ਅਤੇ ਉਸ ਦੀ ਮਾਤਾ ਗੁਰਬਖਸ਼ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਮਾਮਲਾ ਦਰਜ ਹੋਣ ਦਾ ਪਤਾ ਲੱਗਦੇ ਹੀ ਗੁਰਪ੍ਰੀਤ ਅਦਾਲਤ 'ਚੋਂ ਜ਼ਮਾਨਤ ਕਰਵਾ ਕੇ ਆ ਗਿਆ। ਜਦ ਉਸ ਨੇ ਪੁੱਛਗਿੱਛ ਦੌਰਾਨ ਪੁਲਸ ਦਾ ਸਹਿਯੋਗ ਨਹੀਂ ਕੀਤਾ ਤਾਂ ਪੁਲਸ ਨੇ ਅਦਾਲਤ 'ਚ ਪੇਸ਼ ਹੋ ਕੇ ਉਸ ਦੀ ਜ਼ਮਾਨਤ ਰੱਦ ਕਰਵਾ ਦਿੱਤੀ। ਉਸ ਤੋਂ ਬਾਅਦ ਤੋਂ ਉਹ ਫਰਾਰ ਹੈ। ਪੁਲਸ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।


author

Babita

Content Editor

Related News