ਧੀ ਦੀ ਹੱਤਿਆ ਕਰਨ ਵਾਲੇ ਪਿਤਾ ਨੂੰ ਉਮਰ ਕੈਦ

Wednesday, May 29, 2019 - 08:04 PM (IST)

ਧੀ ਦੀ ਹੱਤਿਆ ਕਰਨ ਵਾਲੇ ਪਿਤਾ ਨੂੰ ਉਮਰ ਕੈਦ

ਗੁਰਦਾਸਪੁਰ,(ਵਿਨੋਦ, ਹਰਮਨਪ੍ਰੀਤ) : ਸ਼ਰਾਬ ਪੀਣ ਲਈ ਪੈਸੇ ਨਾ ਦੇਣ ਕਾਰਨ ਇਕ ਪਿਤਾ ਵੱਲੋਂ ਆਪਣੀ ਧੀ ਦੀ ਹੱਤਿਆ ਕਰਨ 'ਤੇ ਅੱਜ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ ਇਕ ਸਾਲ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ।

ਕੀ ਸੀ ਮਾਮਲਾ
15-9-18 ਨੂੰ ਇਕ ਔਰਤ ਮਨਜੀਤ ਕੌਰ ਪਤਨੀ ਦੋਸ਼ੀ ਕੁਲਦੀਪ ਸਿੰਘ ਨਿਵਾਸੀ ਵਹੀਲਾ ਤੇਜਾ ਨੇ ਫਤਿਹਗੜ੍ਹ ਚੂੜੀਆਂ ਪੁਲਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਈ ਸੀ ਕਿ ਰਾਤ ਕਰੀਬ 9.15 ਵਜੇ ਉਸ ਦਾ ਪਤੀ ਕੁਲਦੀਪ ਸਿੰਘ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ, ਨੇ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਮੰਗੇ ਪਰ ਮੇਰੇ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਹ ਮੇਰੇ ਨਾਲ ਗਾਲੀ-ਗਲੋਚ ਕਰਨ ਲੱਗਾ। ਜਿਸ 'ਤੇ ਉਹ ਇਕ ਕਮਰੇ 'ਚ ਚਲੀ ਗਈ ਤੇ ਅੰਦਰ ਤੋਂ ਚਿਟਕਣੀ ਲਾ ਲਈ ਪਰ ਦੂਜੇ ਕਮਰੇ 'ਚ ਉਸ ਦੀ 15 ਸਾਲ ਲੜਕੀ ਹਰਸ਼ਪ੍ਰੀਤ ਕੌਰ ਪੜ੍ਹਾਈ ਕਰ ਰਹੀ ਸੀ ਕਿ ਉਸ ਦੇ ਪਤੀ ਕੁਲਦੀਪ ਸਿੰਘ ਨੇ ਹਰਸ਼ਪ੍ਰੀਤ ਕੌਰ ਤੋਂ ਸ਼ਰਾਬ ਪੀਣ ਦੇ ਲਈ ਪੈਸੇ ਦੀ ਮੰਗ ਕੀਤੀ ਤਾਂ ਉਸ ਦੇ ਇਨਕਾਰ ਕਰਨ 'ਤੇ ਕੁਲਦੀਪ ਸਿੰਘ ਨੇ ਪਹਿਲਾਂ ਤਾਂ ਡੰਡੇ ਨਾਲ ਕੁੱਟ-ਮਾਰ ਕੀਤੀ। ਜਦ ਹਰਸ਼ਪ੍ਰੀਤ ਕੌਰ ਨੇ ਇਸ ਦੇ ਬਾਵਜੂਦ ਆਪਣੇ ਪਿਤਾ ਕੁਲਦੀਪ ਸਿੰਘ ਨੂੰ ਪੈਸੇ ਨਾ ਦਿੱਤੇ ਤਾਂ ਉਸ ਨੇ ਲੱਕੜ ਕੱਟਣ ਵਾਲੀ ਕੁਹਾੜੀ ਨਾਲ ਹਰਸ਼ਪ੍ਰੀਤ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਫਰਸ਼ 'ਤੇ ਡਿੱਗ ਗਈ। ਮੇਰੇ ਵੱਲੋਂ ਸ਼ੋਰ ਮਚਾਉਣ 'ਤੇ ਕੁਝ ਦਿਨ ਪਹਿਲਾਂ ਹੀ ਮੇਰੀ ਮਾਤਾ ਬਲਵਿੰਦਰ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਕੋਟਲਾ ਸੁਲਤਾਨ ਸਿੰਘ ਤੋਂ ਮੇਰੇ ਕੋਲ ਆਈ ਹੋਈ ਸੀ। ਉਹ ਵੀ ਸਾਡੇ ਕੋਲ ਆ ਗਈ ਤੇ ਜਦ ਅਸੀਂ ਸਾਰਿਆਂ ਨੇ ਸ਼ੋਰ ਮਚਾਇਆ ਤਾਂ ਕੁਲਦੀਪ ਸਿੰਘ ਸਾਨੂੰ ਸਾਰਿਆਂ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ। ਜਦ ਅਸੀਂ ਹਰਸ਼ਪ੍ਰੀਤ ਕੌਰ ਨੂੰ ਚੈੱਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ 16-9-18 ਨੂੰ ਕੁਲਦੀਪ ਸਿੰਘ ਦੇ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਸ ਕਤਲ ਕੇਸ ਸਬੰਧੀ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਕੁਲਦੀਪ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਅੱਜ ਉਸ ਨੂੰ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ।


Related News