ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਤੇ ਡੀਲਰਾਂ ਕੋਲ ਖ਼ਾਦ ਮੁੱਕੀ, ਚਿੰਤਾ ’ਚ ਡੁੱਬਿਆ ਕਿਸਾਨ ਵਰਗ

Saturday, Dec 04, 2021 - 11:44 AM (IST)

ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਤੇ ਡੀਲਰਾਂ ਕੋਲ ਖ਼ਾਦ ਮੁੱਕੀ, ਚਿੰਤਾ ’ਚ ਡੁੱਬਿਆ ਕਿਸਾਨ ਵਰਗ

ਮੋਗਾ (ਗੋਪੀ ਰਾਊਕੇ) : ਪਹਿਲਾਂ ਹੀ ਆਰਿਥਕ ਤੰਗੀ-ਤੁਰਸ਼ੀ ਕਰ ਕੇ ਸਮੱਸਿਆ ਵਿਚ ਘਿਰੇ ਆ ਰਹੇ ਸੂਬੇ ਦੇ ਕਿਸਾਨ ਵਰਗ ਨੂੰ ਹੁਣ ਯੂਰੀਆਂ ਖ਼ਾਦ ਦੀ ਕਮੀ ਕਰਕੇ ਪਰੇਸ਼ਾਨੀ ਦੇ ਆਲਮ ਵਿਚੋਂ ਨਿਕਲਣਾ ਪੈ ਰਿਹਾ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਵੇਲੇ ਡੀ. ਏ. ਪੀ. ਦੀ ਘਾਟ ਕਰ ਕੇ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਬਿਨਾਂ ਲੋੜ ਤੋਂ ਖ਼ਾਦਾ ਅਤੇ ਫੀਡ ਦੀਆਂ ਬੋਰੀਆਂ ਲੈ ਕੇ ਡੀ. ਏ. ਪੀ. ਦੀ ਮਹਿੰਗੇ ਭਾਅ ਖ਼ਰੀਦ ਕਰਨ ਵਾਲਾ ਕਿਸਾਨ ਵਰਗ ਹਾਲੇ ਕਣਕ ਦੀ ਮਸਾਂ ਬੀਜਾਂਦ ਕਰ ਕੇ ਸੁਰਖਰੂ ਹੀ ਹੋਇਆ ਸੀ ਕਿ ਕਣਕ ਦੀ ਫ਼ਸਲ ਨੂੰ ਪਹਿਲੇ ਪਾਣੀ ਵੇਲੇ ਯੂਰੀਆਂ ਪਾਉਣ ਦੀ ਇਸ ਵੇਲੇ ਲੋੜ ਹੈ, ਪਰ ਮੋਗਾ ਜ਼ਿਲ੍ਹੇ ਦੀਆਂ ਲਗਭਗ 134 ਸਹਿਕਾਰੀ ਸਭਾਵਾਂ ਅਤੇ ਡੀਲਰਾਂ ਕੋਲ ਖ਼ਾਦ ਦੀ ਕਿੱਲਤ ਪੇਸ਼ ਆਉਣ ਕਰ ਕੇ ਕਿਸਾਨ ਵਰਗ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਜਾਂ ਇਸ ਦੇ ਨੁਮਾਇੰਦੇ ਖ਼ਾਦ ਦੀ ਘਾਟ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੇ ਹਨ, ਜਿਸ ਕਰ ਕੇ ਕਿਸਾਨ ਵਰਗ ਨੂੰ ਸਿਵਾਏ ‘ਲਾਰੇ-ਲੱਪੇ’ ਤੋਂ ਕੁੱਝ ਵੀ ਨਹੀਂ ਮਿਲ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਸਾਹਿਬ ਦੇ ਸਾਬਕਾ ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਇੱਥੇ ਮੋਗਾ ਵਿਖੇ ‘ਜਗ ਬਾਣੀ’ ਦੀ ਟੀਮ ਮੂਹਰੇ ਅਹਿਮ ਖ਼ੁਲਾਸਾ ਕਰਦੇ ਹੋਏ ਦੋਸ਼ ਲਗਾਇਆ ਕਿ ਪਿੰਡਾਂ ਦੀ ਸਹਿਕਾਰੀ ਸਭਾਵਾਂ ਵਿਚ ਪਹਿਲਾਂ ਜਿਹੜੀ ਥੋੜ੍ਹੀ ਬਹੁਤ ਯੂਰੀਆ ਖ਼ਾਦ ਆਈ ਸੀ, ਉਸ ਨਾਲ ਕਥਿਤ ਤੌਰ ’ਤੇ ਪਿੰਡਾਂ ਦੀ ਸਭਾਵਾਂ ਦੇ ਕਰਮਚਾਰੀ ਕਿਸਾਨਾਂ ਨੂੰ ਬਿਨਾਂ ਲੋੜ ਤੋਂ ‘ਗੁੱਲੀ-ਡੰਡੇ’ ’ਤੇ ਹੋਰ ਵਸਤਾਂ ਦੀਆਂ ਨਦੀਨ ਨਾਸ਼ਕ ਦਵਾਈਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਸਹਿਕਾਰੀ ਸਭਾਵਾਂ ਦੇ ਉੱਚ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਫ਼ਸਰ ਰੱਤੀ ਭਰ ਵੀ ਧਿਆਨ ਨਹੀਂ ਦੇ ਰਹੇ ਹਨ।

ਉਨ੍ਹਾਂ ਆਖਿਆ ਕਿ ਵਿਭਾਗ ਦੇ ਸਾਰੇ ਦਾਅਵੇ ਕਾਲਾ ਬਾਜ਼ਾਰੀ ਦੀ ਪੋਲ-ਖੋਲ੍ਹ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਜਦੋਂ ਦੋ ਦਿਨਾਂ ਤੱਕ ਖ਼ਾਦ ਦਾ ਨਵਾਂ ਰੈਕ ਲੱਗਣ ਦਾ ਪਤਾ ਲੱਗਾ ਹੈ ਤਾਂ ਡੀਲਰਾਂ ਵੱਲੋਂ ਵੀ ਕਥਿਤ ਆਪਣੇ ਚਹੇਤੇ ਕਿਸਾਨਾਂ ਨੂੰ ਹੀ ਸੱਦ ਕੇ ਉਨ੍ਹਾਂ ਦੀ ਖ਼ਾਦ ਦੀ ਬੁਕਿੰਗ ਕੀਤੀ ਜਾ ਰਹੀ ਹੈ, ਜਦੋਂਕਿ ਆਮ ਕਿਸਾਨ ਜਾਂ 5 ਕਿਲੇ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਕਿੱਧਰੇ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਪੜ੍ਹਤਾਲ ਕਰਵਾਉਣ ਦੀ ਲੋੜ ਹੈ।
 


author

Babita

Content Editor

Related News