ਫੰਡਾਂ ਦੀ ਘਾਟ ਕਾਰਨ ਨਹੀਂ ਬਣ ਪਾ ਰਹੀਆਂ ਖਸਤਾ ਹਾਲਤ ਸੜਕਾਂ

Sunday, Oct 22, 2017 - 01:09 PM (IST)

ਫੰਡਾਂ ਦੀ ਘਾਟ ਕਾਰਨ ਨਹੀਂ ਬਣ ਪਾ ਰਹੀਆਂ ਖਸਤਾ ਹਾਲਤ ਸੜਕਾਂ

ਨੂਰਪੁਰਬੇਦੀ(ਕਮਲਜੀਤ)— ਇਲਾਕੇ ਦੀਆਂ ਖਸਤਾਹਾਲ ਸੜਕਾਂ ਸਬੰਧੀ ਕੁਝ ਦਿਨ ਪਹਿਲਾਂ ਜ਼ਿਲਾ ਪ੍ਰਸ਼ਾਸਨ ਰੂਪਨਗਰ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਜਿੰਦਰਾ (ਤਾਲਾ) ਭੇਟ ਕਰਨ ਵਾਲੀ ਖੇਤਰ ਦੇ ਨੌਜਵਾਨਾਂ ਦੀ ਟੀਮ ਨੇ ਸੜਕਾਂ ਦੀ ਇਸ ਹਾਲਤ ਲਈ ਸਰਕਾਰ ਵੱਲੋਂ ਪੈਸਾ ਨਾ ਭੇਜਣ ਤੇ ਸੂਬੇ 'ਚ ਸੜਕਾਂ ਸਬੰਧੀ ਕੋਈ ਠੋਸ ਨੀਤੀ ਨਾ ਹੋਣ ਨੂੰ ਮੁੱਖ ਕਾਰਨ ਦੱਸਿਆ। ਇਸ ਸਬੰਧੀ ਸ਼ਨੀਵਾਰ ਇਕ ਮੀਟਿੰਗ ਉਪਰੰਤ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਰੋਪੜ ਤੋਂ ਨੂਰਪੁਰਬੇਦੀ ਅਤੇ ਨੂਰਪੁਰਬੇਦੀ ਤੋਂ ਝੱਜ ਚੌਕ ਦੇ ਟੈਂਡਰ 9 ਨਵੰਬਰ 2015 ਤੇ 21 ਜਨਵਰੀ 2016 ਨੂੰ ਜਾਰੀ ਹੋ ਗਏ ਸਨ ਪਰ ਅੱਜ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਸੜਕਾਂ ਦਾ ਨਿਰਮਾਣ ਨਹੀਂ ਹੋ ਸਕਿਆ। ਰੋਪੜ ਤੋਂ ਝੱਜ ਚੌਕ ਤੱਕ ਸੜਕਾਂ ਦੇ ਇਸ ਕੰਮ ਦਾ ਅੰਦਾਜ਼ਨ ਖਰਚਾ 56 ਕਰੋੜ ਰੁਪਏ ਸੀ ਪਰ ਹੁਣ ਤੱਕ ਇਸ 'ਚੋਂ 18 ਕਰੋੜ ਰੁਪਏ ਹੀ ਜਾਰੀ ਹੋਏ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਨਾ ਤਾਂ ਪਹਿਲੀ ਸਰਕਾਰ ਨੇ ਤੇ ਨਾ ਹੀ ਹੁਣ ਵਾਲੀ ਸਰਕਾਰ ਨੇ ਇਸ ਸੜਕ ਲਈ ਪੂਰੀ ਰਕਮ ਜਾਰੀ ਕੀਤੀ ਹੈ, ਸਗੋਂ ਪਹਿਲਾਂ ਵਾਲੀ ਸਰਕਾਰ ਨੇ ਸਿਰਫ ਵੋਟਾਂ ਨੇੜੇ ਹੋਣ ਕਾਰਨ ਬਿਨਾਂ ਪੂਰੀ ਰਕਮ ਜਾਰੀ ਕੀਤਿਆਂ ਸਿਰਫ ਟੈਂਡਰ ਅਲਾਟ ਕਰ ਦਿੱਤੇ ਸਨ, ਉਥੇ ਹੀ ਮੌਜੂਦਾ ਸਰਕਾਰ ਨੇ ਵੀ ਇਸ ਸੜਕ ਲਈ ਰਕਮ ਜਾਰੀ ਕਰਨ ਲਈ ਕੋਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਫੰਡਾਂ ਦੀ ਅਣਹੋਂਦ ਕਾਰਨ ਰੂਪਨਗਰ ਤੋਂ ਝੱਜ ਚੌਕ ਤੱਕ 33 ਕਿ.ਮੀ. ਸੜਕ ਦਾ ਕੰਮ ਕਿਸੇ ਕੰਢੇ ਨਹੀਂ ਲੱਗ ਸਕਿਆ।
ਇਸੇ ਤਰ੍ਹਾਂ ਹੀ ਵਿਭਾਗ ਦੀ ਰਿਪੋਰਟ ਅਨੁਸਾਰ ਕਾਹਨਪੁਰ ਖੂਹੀ ਤੋਂ ਝੱਜ ਚੌਕ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੱਕ ਦੀ 16.77 ਕਿ.ਮੀ. ਸੜਕ, ਜੋ ਮਾਈਨਿੰਗ ਖੇਤਰ 'ਚ ਹੈਵੀ ਲੋਡਰ ਟਿੱਪਰ ਤੇ ਟਰਾਲੇ ਚੱਲਣ ਕਾਰਨ ਖਰਾਬ ਹਾਲਤ 'ਚ ਹੈ, 'ਤੇ ਸਿਰਫ ਪੈਚ ਵਰਕ ਦੇ ਟੈਂਡਰ ਲਾਏ ਗਏ ਤੇ ਉਨ੍ਹਾਂ ਦੀ ਵੀ ਅਜੇ ਮਨਜ਼ੂਰੀ ਬਾਕੀ ਹੈ। ਇਸ ਤੋਂ ਇਲਾਵਾ ਹੋਰ ਸੜਕਾਂ ਅਧੂਰੀਆਂ ਹਨ, ਜੋ ਫੰਡਾਂ ਦੀ ਘਾਟ ਕਾਰਨ ਨਹੀਂ ਬਣ ਪਾ ਰਹੀਆਂ। ਇਸ ਮੌਕੇ ਰਾਮ ਪ੍ਰਤਾਪ ਸਰਥਲੀ, ਜਤਿੰਦਰ ਕਾਕਾ ਤਖਤਗੜ੍ਹੀਆ, ਨਰਿੰਦਰ ਸਿੰਘ, ਸ਼ੰਮਾ ਰਾਏਪੁਰੀ, ਬਲਕਾਰ ਸਿੰਘ, ਅਮਰੀਕ ਸਿੰਘ ਸਿਮਰਨ, ਦਲਜੀਤ ਸਿੰਘ, ਰਮਨਦੀਪ ਸਿੰਘ, ਜਬਰਜੀਤ ਸਿੰਘ, ਜਗਜੀਤ ਜੱਗੀ, ਬਿੱਲਾ ਭੱਟੋਂ ਆਦਿ ਹਾਜ਼ਰ ਸਨ।


Related News