ਦਮਦਮੀ ਟਕਸਾਲ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਢੱਡਰੀਆਂ ਵਾਲਿਆਂ ਦਾ ਤਿੱਖਾ ਜਵਾਬ

01/19/2020 6:59:40 PM

ਚੰਡੀਗੜ੍ਹ (ਟੱਕਰ) : ਸਿੱਖ ਪ੍ਰਚਾਰਕ ਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਆਪਣੀ ਇਕ ਵੀਡੀਓ ਜਾਰੀ ਕਰਕੇ ਵਿਰੋਧੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ 200 ਬਿੱਘੇ 'ਚੋਂ ਸਿਰਫ 2 ਏਕੜ ਜ਼ਮੀਨ ਕਰਜ਼ੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤਬਦੀਲ ਹੋਣ ਦੀ ਬਜਾਏ ਉਨ੍ਹਾਂ ਦੇ ਆਪਣੇ ਨਾਮ 'ਤੇ ਰਹਿ ਗਈ ਤਾਂ ਵਿਰੋਧੀ ਪਰਦਾਫ਼ਾਸ਼ ਕਰਨ ਦੇ ਵੱਡੇ-ਵੱਡੇ ਦਮਗਜੇ ਮਾਰਨ ਲੱਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਵਿਰੋਧੀ ਧਿਰ ਨਾਲ ਸਬੰਧਤ ਕੁੱਝ ਬਾਬਿਆਂ ਵਲੋਂ ਬਣਾਈਆਂ ਜਾਇਦਾਦਾਂ ਦੀ ਪੋਲ ਖੋਲ੍ਹਣ ਲੱਗ ਪਏ ਤਾਂ ਫਿਰ ਉਨ੍ਹਾਂ ਵਲੋਂ ਕੀਤੇ ਪਰਦੇਫ਼ਾਸ਼ ਬਰਦਾਸ਼ਤ ਨਹੀਂ ਹੋਣੇ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਉਨ੍ਹਾਂ ਵਲੋਂ 200 ਬਿੱਘੇ ਤੋਂ ਵੱਧ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ ਅਤੇ ਉਸ ਸਮੇਂ ਸਿਰਫ 2 ਏਕੜ ਜ਼ਮੀਨ ਕਰਜ਼ੇ ਕਾਰਨ ਰਜਿਸਟਰੀ ਨਾ ਹੋ ਸਕੀ। ਉਨ੍ਹਾਂ ਦੱਸਿਆ ਕਿ 2016 'ਚ ਸੇਖੂਪੁਰਾ ਦੇ ਇਕ ਨਿਵਾਸੀ ਨੇ ਇਸ 2 ਏਕੜ ਜ਼ਮੀਨ ਤੋਂ ਕਰਜ਼ਾ ਉਤਾਰ ਕੇ ਜ਼ਮੀਨ ਦੀ ਰਜਿਸਟਰੀ ਮੇਰੇ ਨਾਮ 'ਤੇ ਕਰਵਾ ਦਿੱਤੀ ਸੀ ਜੋ ਕਿ ਜਲਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਦਰਜ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਦੋਸ਼ ਕਿ ਭਾਵੇਂ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਹੈ ਪਰ ਇਸਦੀ ਵਰਤੋਂ ਤਾਂ ਢੱਡਰੀਆਂ ਵਾਲੇ ਨੇ ਹੀ ਕਰਨੀ ਹੈ, ਦਾ ਜਵਾਬ ਦਿੰਦਿਆਂ ਚੈਲਿੰਜ ਕੀਤਾ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਿਤ ਬਾਬੇ ਆਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦੇਣ ਤੇ ਵਰਤੋਂ ਆਪ ਕਰਦੇ ਰਹਿਣ।
ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਮੇਰੇ ਵੱਲੋਂ ਅਖੌਤੀ ਬ੍ਰਹਮ ਗਿਆਨੀਆਂ ਦੇ ਪਰਦੇਫ਼ਾਸ਼ ਕਰਨ ਕਾਰਨ ਮੇਰਾ ਵਿਰੋਧ ਹੋ ਰਿਹਾ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਪ੍ਰਚਾਰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਉਹ ਕਿਸੇ ਦਬਾਅ ਹੇਠ ਆ ਕੇ ਸਿੱਖ ਧਰਮ ਤੇ ਗੁਰਬਾਣੀ ਦਾ ਪ੍ਰਚਾਰ ਬੰਦ ਨਹੀਂ ਕਰਨਗੇ।

ਅਕਾਲ ਤਖ਼ਤ ਸਾਹਿਬ ਤੋਂ ਵੱਖਰੀਆਂ ਮਰਿਆਦਾਵਾਂ ਚਲਾਉਣ ਨਾਲ ਪੰਥ ਦੋਫਾੜ ਨਹੀਂ ਹੁੰਦਾ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਪ੍ਰਚਾਰ ਨਾਲ ਇਹ ਕਿਹਾ ਜਾਂਦਾ ਹੈ ਕਿ ਪੰਥ ਦੋਫਾੜ ਹੋ ਰਿਹਾ ਹੈ, ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇਹੀ ਲੋਕ ਅਕਾਲ ਤਖ਼ਤ ਸਾਹਿਬ ਤੋਂ ਵੱਖਰੀਆਂ ਮਰਿਆਦਾਵਾਂ ਚਲਾਉਂਦੇ ਹਨ ਕੀ ਉਦੋਂ ਪੰਥ ਦੋਫਾੜ ਨਹੀਂ ਹੁੰਦਾ? ਭਾਈ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਵੀ ਸਵਾਲ ਚੁੱਕੇ ਕਿ ਜਿਨ੍ਹਾਂ ਵੀ ਗੁਰਦੁਆਰਿਆਂ ਵਿਚ ਉਹ ਜਾ ਕੇ ਆਏ ਹਨ, ਉਥੇ ਕਈ ਗੁਰਦੁਆਰਾ ਸਾਹਿਬਾਨਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਨਹੀਂ ਹੁੰਦੀ ਤਾਂ ਉਦੋਂ ਜੱਥੇਦਾਰ ਸਾਹਿਬ ਕਿਉਂ ਹੁਕਮ ਨਹੀਂ ਕਰਦੇ ਕਿ ਸਾਰੇ ਗੁਰਦੁਆਰਾ ਸਾਹਿਬਾਨਾਂ 'ਚ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਹੋਵੇ।  


Related News