ਡੀ. ਆਰ. ਐੱਮ. ਨੇ ਦਿੱਤੇ ਜਾਂਚ ਦੇ ਹੁਕਮ, 7 ਮੈਂਬਰੀ ਕਮੇਟੀ ਗਠਿਤ
Tuesday, Mar 27, 2018 - 06:11 AM (IST)

ਚੰਡੀਗੜ੍ਹ, (ਲਲਨ/ ਚੰਦਨ)- ਸਦਭਾਵਨਾ ਐਕਸਪ੍ਰੈੱਸ ਤੋਂ ਡਿਗ ਕੇ ਦੋ ਮੁਸਾਫਿਰਾਂ ਦੀ ਮੌਤ ਦੇ ਮਾਮਲੇ 'ਚ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਨੇ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਇਸਦੀ ਰਿਪੋਰਟ ਕਮੇਟੀ ਮੰਗਲਵਾਰ ਨੂੰ ਸੌਂਪੇਗੀ। ਇਸ ਕਮੇਟੀ ਵਿਚ ਦੋ ਇੰਜੀਨੀਅਰ ਅਤੇ ਵਿਭਾਗ ਦੇ ਤਿੰਨ ਆਲ੍ਹਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੋਮਵਾਰ ਨੂੰ ਕਮੇਟੀ ਨੇ ਸਟੇਸ਼ਨ 'ਤੇ ਕਾਫੀ ਪੁੱਛਗਿੱਛ ਵੀ ਕੀਤੀ। ਉਥੇ ਹੀ ਇਸ ਹਾਦਸੇ 'ਚ ਜ਼ਖ਼ਮੀ ਦੋ ਲੋਕਾਂ ਦਾ ਇਲਾਜ ਪੀ. ਜੀ. ਆਈ. 'ਚ ਚੱਲ ਰਿਹਾ ਹੈ।
ਜੀ. ਆਰ. ਪੀ. ਦੇ ਥਾਣਾ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਪੀ. ਜੀ. ਆਈ. 'ਚ ਦਾਖਲ ਜ਼ਖ਼ਮੀ ਰਵੀ ਅਤੇ ਸੁਨੀਲ ਕੁਮਾਰ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਵਿਚ ਦਰੀਆ ਪਿੰਡ ਦੇ ਰਹਿਣ ਵਾਲੇ ਰਵੀ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਟਰੇਨ ਵਿਚ ਜ਼ਿਆਦਾ ਭੀੜ ਹੋਣ ਕਾਰਨ ਕੋਚ ਅੰਦਰ ਬੈਠਣ ਦੀ ਥਾਂ ਨਹੀਂ ਸੀ। ਅਸੀਂ ਚਾਰੇ ਕੋਚ ਦੇ ਦਰਵਾਜ਼ੇ 'ਤੇ ਬੈਠੇ ਹੋਏ ਸਨ।
ਜਿਵੇਂ ਟਰੇਨ ਦੀ ਰਫਤਾਰ ਵਧਦੀ ਗਈ, ਉਂਝ ਹੀ ਟਰੇਨ 'ਚ ਝਟਕੇ ਲੱਗਣੇ ਸ਼ੁਰੂ ਹੋ ਗਏ। ਜਦੋਂ ਟਰੇਨ ਨੇ ਫੁਲ ਸਪੀਡ ਫੜੀ ਤਾਂ ਅਚਾਨਕ ਇਕ ਝਟਕਾ ਲੱਗਾ ਅਤੇ ਅਸੀਂ ਹੇਠਾਂ ਡਿਗ ਗਏ। ਉਥੇ ਹੀ ਸੰਗਰੂਰ ਨਿਵਾਸੀ ਦੂਜੇ ਜ਼ਖ਼ਮੀ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਬੋਗੀ ਵਿਚ ਜਗ੍ਹਾ ਨਾ ਮਿਲਣ ਕਾਰਨ ਅਸੀਂ ਕੋਚ ਦੇ ਪਾਏਦਾਨ 'ਤੇ ਪੈਰ ਰੱਖ ਕੇ ਬੈਠੇ ਹੋਏ ਸੀ। ਇੰਨੇ ਵਿਚ ਅਚਾਨਕ ਜ਼ੋਰਦਾਰ ਧੱਕਾ ਲੱਗਾ ਅਤੇ ਅਸੀ ਚਾਰੇ ਹੇਠਾਂ ਡਿਗ ਗਏ।
ਇਕ ਹੋਰ ਜ਼ਖ਼ਮੀ ਨੇ ਤੋੜਿਆ ਦਮ
ਐਤਵਾਰ ਰਾਤ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਸਦਭਾਵਨਾ ਐਕਸਪ੍ਰੈੱਸ ਤੋਂ 4 ਯਾਤਰੀ ਡਿਗ ਗਏ ਸਨ। ਹਾਦਸੇ 'ਚ ਇਕ ਦੀ ਮੌਤ ਹੋ ਗਈ ਸੀ, ਉਥੇ ਹੀ ਅੱਜ ਇਕ ਹੋਰ ਜ਼ਖ਼ਮੀ ਨੇ ਵੀ ਦਮ ਤੋੜ ਦਿੱਤਾ।
ਨਵੇਂ ਟ੍ਰੈਕ 'ਤੇ ਹੋ ਚੁੱਕੀ ਹੈ ਚੌਥੀ ਮੌਤ
ਰੇਲਵੇ ਨੇ ਨਵੇਂ ਰੇਲਵੇ ਟ੍ਰੈਕ ਦਾ ਉਦਘਾਟਨ 21 ਮਾਰਚ ਨੂੰ ਕੀਤਾ ਸੀ। ਟ੍ਰੈਕ ਸ਼ੁਰੂ ਹੋਣ ਦੇ ਦੂਜੇ ਦਿਨ ਹੀ ਟਰੇਨ ਦੀ ਚਪੇਟ 'ਚ ਆਉਣ ਨਾਲ ਇਕ ਲੜਕੇ ਦੀ ਮੌਤ ਹੋ ਗਈ ਸੀ। 23 ਮਾਰਚ ਨੂੰ ਦਰੀਆ ਦੇ ਰਹਿਣ ਵਾਲੇ ਇਕ ਲੜਕੇ ਨੇ ਇਥੇ ਖੁਦਕੁਸ਼ੀ ਕਰ ਲਈ ਸੀ। 25 ਮਾਰਚ ਨੂੰ ਸਦਭਾਵਨਾ ਟਰੇਨ ਤੋਂ 4 ਯਤਾਰੀ ਡਿਗ ਗਏ। ਇਸ ਵਿਚ ਵਰਿੰਦਰ ਅਤੇ ਮੁਕੇਸ਼ ਕੁਮਾਰ ਦੀ ਮੌਤ ਹੋ ਗਈ।
ਸੈਕਟਰ-19 ਰੇਲਵੇ ਫਾਟਕ ਦੇ ਕੋਲ ਹੋਇਆ ਸੀ ਹਾਦਸਾ
ਸੈਕਟਰ-19 ਰੇਲਵੇ ਫਾਟਕ ਕੋਲ ਰਾਤ ਲਗਭਗ ਸਾਢੇ 9 ਵਜੇ ਹੋਇਆ ਸੀ ਹਾਦਸਾ। ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਤੋਂ ਕੁਝ ਟਰੇਨਾਂ ਰੱਦ ਕੀਤੀਆਂ ਗਈਆਂ ਸਨ। ਐਤਵਾਰ ਨੂੰ ਟਰੇਨ 'ਚ ਜ਼ਿਆਦਾ ਭੀੜ ਹੋ ਗਈ ਸੀ। ਕਈ ਯਾਤਰੀ ਟਰੇਨ ਦੀਆਂ ਪੌੜੀਆਂ 'ਤੇ ਬੈਠੇ ਸਨ। ਫਾਟਕ ਕੋਲ ਪੁੱਜਦੇ ਹੀ ਨੌਜਵਾਨਾਂ ਦੇ ਸਰੀਰ ਦਾ ਹਿੱਸਾ ਪੋਲ ਨਾਲ ਟਕਰਾ ਗਿਆ ਅਤੇ ਚਾਰੇ ਹੇਠਾਂ ਡਿਗ ਗਏ। ਪੰਚਕੂਲਾ ਸੈਕਟਰ-11 ਨਿਵਾਸੀ ਵਰਿੰਦਰ ਕੁਮਾਰ (30) ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਸੋਮਵਾਰ ਸਵੇਰੇ ਦੜਵਾ ਨਿਵਾਸੀ ਮੁਕੇਸ਼ ਕੁਮਾਰ ਝਾਅ ਦੀ ਮੌਤ ਹੋ ਗਈ।