ਡੀ. ਆਈ. ਜੀ. ਦੇ ਸੁਰੱਖਿਆ ਗਾਰਡ ਦੀ ਗੱਡੀ ਟਰਾਲੇ ''ਚ ਵੱਜੀ

Sunday, Dec 03, 2017 - 07:33 AM (IST)

ਡੀ. ਆਈ. ਜੀ. ਦੇ ਸੁਰੱਖਿਆ ਗਾਰਡ ਦੀ ਗੱਡੀ ਟਰਾਲੇ ''ਚ ਵੱਜੀ

ਜਲੰਧਰ, (ਸੁਧੀਰ)- ਮਕਸੂਦਾਂ ਇਲਾਕੇ ਕੋਲ ਸਥਿਤ ਵੇਰਕਾ ਮਿਲਕ ਪਲਾਂਟ ਫਲਾਈਓਵਰ 'ਤੇ ਸੀ. ਆਰ. ਪੀ. ਐੱਫ. ਦੇ ਡੀ. ਆਈ. ਜੀ. ਦੇ ਸੁਰੱਖਿਆ ਗਾਰਡ ਦੀ ਗੱਡੀ ਇਕ ਤੇਜ਼ ਰਫਤਾਰ ਟਰਾਲੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਅਗਲੇ ਹਿੱਸੇ ਦੇ ਪਰਖੱਚੇ ਉਡ ਗਏ। ਘਟਨਾ 'ਚ 2 ਬੱਚਿਆਂ ਸਮੇਤ ਕੁੱਲ 4 ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟ੍ਰੋਲਿੰਗ ਦੀ ਪੁਲਸ ਹਾਦਸੇ ਵਾਲੀ ਥਾਂ ਪਹੁੰਚੀ ਤੇ 108 ਨੰਬਰ ਐਂਬੂਲੈਂਸ ਦੇ ਕਰਮੀ ਵੀ ਮੌਕੇ 'ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ। ਘਟਨਾ ਦੇ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੀ. ਆਰ. ਪੀ. ਕੈਂਪਸ ਸਰਾਏ ਖਾਸ ਤੋਂ ਡੀ. ਆਈ. ਜੀ.  ਸੀ. ਆਰ. ਪੀ. ਐੱਫ. ਦੇ ਸੁਰੱਖਿਆ ਗਾਰਡ ਗੋਪਾਲ ਦੇ ਮਾਤਾ-ਪਿਤਾ ਉਤਰਾਖੰਡ ਤੋਂ ਆ ਰਹੇ ਸਨ, ਜਿਨ੍ਹਾਂ ਨੂੰ ਲੈਣ ਲਈ ਉਹ ਆਪਣੇ ਸਾਥੀ ਨਰੇਸ਼ ਕੁਮਾਰ ਤੇ ਆਪਣੇ 2 ਛੋਟੇ ਬੱਚਿਆਂ ਅਰਪਣ ਤੇ ਆਦਰਸ਼ ਨਾਲ ਰੇਲਵੇ ਸਟੇਸ਼ਨ ਵੱਲ ਕਾਰ 'ਚ ਜਾ ਰਿਹਾ ਸੀ ਕਿ ਵੇਰਕਾ ਪਲਾਂਟ ਕੋਲ ਇਕ ਟਰਾਲੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਫਿਲਹਾਲ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜ਼ਖਮੀ ਬੱਚਿਆਂ ਨੂੰ ਸੈਕਰਟ ਹਾਰਟ ਹਸਪਤਾਲ 'ਚ ਸ਼ਿਫਟ ਕਰ ਦਿੱਤਾ  ਗਿਆ ਹੈ। ਉਧਰ ਪੁਲਸ ਵਲੋਂ ਟਰਾਲਾ ਚਾਲਕ ਦੀ ਭਾਲ ਜਾਰੀ ਹੈ।


Related News