ਡੀ. ਐੱਫ. ਐੱਸ. ਸੀ. ਅਤੇ ਸ਼ੈਲਰ ਐਸੋਸੀਏਸ਼ਨ ਦੇ ਆਗੂ ਹੋਏ ਇਕ ਦੂਜੇ ਦੇ ਆਹਮੋ-ਸਾਹਮਣੇ

Wednesday, Sep 27, 2017 - 12:14 PM (IST)


ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਸ਼ੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਡੀ. ਐੱਫ. ਐੱਸ. ਸੀ. ਮੈਡਮ 'ਤੇ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਵਿਚ ਉਠਾਉਣਗੇ। ਇਸ ਮੁੱਦੇ 'ਤੇ ਸ਼ੈਲਰ ਐਸੋਸੀਏਸ਼ਨ ਨੇ ਬੈਠਕ ਵੀ ਕੀਤੀ, ਜਿਸ ਤੋਂ ਬਾਅਦ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। 
ਸ਼ੈਲਰ ਐਸੋ. ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਅਤੇ ਭਾਰਤ ਭੂਸ਼ਣ ਘੋਨਾ ਨੇ ਕਿਹਾ ਕਿ ਡੀ. ਐੱਫ. ਐੱਸ. ਸੀ. ਮੈਡਮ ਸਵੀਟੀ ਦੇਵਗਨ ਵੱਲੋਂ ਪਿਛਲੇ 20 ਸਾਲਾਂ ਤੋਂ ਜੋ ਅਨਾਜ ਮੰਡੀਆਂ ਬਰਨਾਲਾ ਖੇਤਰ ਨਾਲ ਜੁੜੀਆਂ ਹੋਈਆਂ ਸਨ, ਨੂੰ ਆਪਣੇ ਚਹੇਤੇ ਸ਼ੈਲਰ ਮਾਲਕਾਂ ਨੂੰ ਲਾਭ ਪਹੁੰਚਾਉਣ ਲਈ ਇੰਸਪੈਕਟਰਾਂ ਦੇ ਨਾਲ ਮਿਲ ਕੇ ਭਦੌੜ ਅਤੇ ਮਹਿਲ ਕਲਾਂ ਇਲਾਕਿਆਂ ਨਾਲ ਜੋੜਿਆ ਜਾ ਰਿਹਾ ਹੈ, ਜਿਨ੍ਹਾਂ ਮੰਡੀਆਂ ਵਿਚ ਪੰਜਾਬ ਸਰਕਾਰ ਖਰੀਦ ਕਰ ਰਹੀ ਸੀ, ਉਨ੍ਹਾਂ ਮੰਡੀਆਂ ਨੂੰ ਐੱਫ. ਸੀ. ਆਈ. ਨੂੰ ਦਿੱਤਾ ਜਾ ਰਿਹਾ ਹੈ। ਕੁਝ ਮੰਡੀਆਂ ਨੂੰ ਰੇਲਵੇ ਟਰੈਕ ਤੋਂ ਹਟਾਕੇ ਬੈਕ ਮੂਵਮੈਂਟ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਅਤੇ ਐੈੱਫ. ਸੀ. ਆਈ. ਨੂੰ ਕਰੋੜਾਂ ਰੁਪਿਆਂ ਦਾ ਨੁਕਸਾਨ ਹੋਇਆ ਕਿਉਂਕਿ ਰੇਲਵੇ ਟਰੈਕ ਤੋਂ ਦੂਰੀ ਜ਼ਿਆਦਾ ਹੋਣ ਕਾਰਨ ਕਿਰਾਏ ਦਾ ਖਰਚਾ ਵੀ ਜ਼ਿਆਦਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਐੱਫ. ਸੀ. ਆਈ. ਦੇ ਸੰਗਰੂਰ ਦੇ ਡੀ. ਐੱਮ. ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਵੀ ਕਰ ਚੁੱਕੇ ਹਾਂ। ਇਸ ਦੇ ਬਾਵਜੂਦ ਡੀ. ਐੱਫ. ਐੱਸ. ਸੀ. ਮੈਡਮ ਨੇ ਆਪਣਾ ਰਵੱਈਆ ਨਹੀਂ ਬਦਲਿਆ। ਹੁਣ ਸਾਨੂੰ ਮਜਬੂਰੀਵੱਸ ਇਹ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਵਿਚ ਪਹੁੰਚਾਉਣਾ ਪਿਆ ਹੈ, ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕਰਾਂਗੇ। ਇਸ ਮੌਕੇ ਇਕਬਾਲ ਸਿੰਘ ਸਰਾਂ, ਸੋਹਨ ਮਿੱਤਲ, ਕੁਲਦੀਪ ਸਹੌਰੀਆ, ਜ਼ਿਲਾ ਵਾਈਸ ਪ੍ਰਧਾਨ ਸੰਜੈ ਉਪਲੀ, ਰਘੁਵੀਰ ਸੰਘੇੜਾ ਆਦਿ ਹਾਜ਼ਰ ਸਨ। 

ਮੇਰੇ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ : ਡੀ. ਐੱਫ. ਐੱਸ. ਸੀ. 
ਜਦੋਂ ਇਸ ਸਬੰਧੀ ਡੀ. ਐੱਫ. ਐੱਸ. ਸੀ. ਸਵੀਟੀ ਦੇਵਗਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਉਪਰ ਜੋ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਸਭ ਬੇਬੁਨਿਆਦ ਹਨ। ਸਰਕਾਰ ਦੇ ਹੁਕਮਾਂ ਅਨੁਸਾਰ 5 ਫੀਸਦੀ ਅਨਾਜ ਮੰਡੀਆਂ ਦੀ ਖਰੀਦ ਐੱਫ. ਸੀ. ਆਈ. ਨੂੰ ਸੌਂਪੀ ਹੈ। ਰਹੀ ਗੱਲ ਕੁਝ ਮੰਡੀਆਂ ਨੂੰ ਰੇਲਵੇ ਟਰੈਕ ਦੀ ਬੈਕ ਮੂਵਮੈਂਟ ਦਾ, ਮੈਂ ਸ਼ੈਲਰ ਐਸੋ. ਦੇ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਜੋ ਅਨਾਜ ਮੰਡੀਆਂ ਰੇਲਵੇ ਟਰੈਕ ਦੀ ਬੈਕ ਮੂਵਮੈਂਟ 'ਤੇ ਪੈ ਰਹੀਆਂ ਹਨ, ਉਨ੍ਹਾਂ ਮੰਡੀਆਂ ਦੀ ਲਿਸਟ ਮੈਨੂੰ ਸੌਂਪ ਦੇਣ। ਮੈਂ ਉਸ ਲਿਸਟ ਨੂੰ ਐੱਫ. ਸੀ. ਆਈ. ਨੂੰ ਭੇਜ ਦੇਵਾਂਗੀ। ਜੋ ਐੱਫ. ਸੀ. ਆਈ. ਦਾ ਫੈਸਲਾ ਆਵੇਗਾ, ਉਸ ਅਨੁਸਾਰ ਮੰਡੀਆਂ ਉਨ੍ਹਾਂ ਖੇਤਰਾਂ ਨਾਲ ਜੋੜ ਦਿੱਤੀਆਂ ਜਾਣਗੀਆਂ। 

ਮਾਮਲੇ ਨੂੰ ਭੇਜਿਆ ਜਾਵੇਗਾ ਫੂਡ ਸਪਲਾਈ ਦੇ ਡਾਇਰੈਕਟਰ ਦੇ ਕੋਲ
ਜਦੋਂ ਇਸ ਸਬੰਧੀ ਡੀ. ਸੀ. ਘਣਸ਼ਿਆਮ ਥੋਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਫੂਡ ਸਪਲਾਈ ਦੇ ਡਾਇਰੈਕਟਰ ਦੇ ਕੋਲ ਭੇਜਿਆ ਜਾਵੇਗਾ। ਫੂਡ ਸਪਲਾਈ ਦੇ ਡਾਇਰੈਕਟਰ ਵੱਲੋਂ ਜੋ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ, ਉਸ ਅਨੁਸਾਰ ਖਰੀਦ ਏਜੰਸੀਆਂ ਅਲਾਟ ਕੀਤੀ ਜਾਣਗੀਆਂ।


Related News