ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਆਪਣੀ ਹੀ ਜਾਨ ਦੇ ਦੁਸ਼ਮਣ ਬਣੇ ਕਈ ''ਲੁਧਿਆਣਵੀਂ''

Tuesday, Dec 15, 2020 - 01:18 PM (IST)

ਲੁਧਿਆਣਾ (ਖੁਰਾਣਾ) : ਸਿਰਫ 190 ਰੁਪਏ ਦੀ ਮਾਮੂਲੀ ਰਕਮ ਖਰਚ ਕਰਨ ਦੀ ਬਜਾਏ ਲੁਧਿਆਣਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੇ ਦੁਸ਼ਮਣ ਬਣਦੇ ਦਿਖਾਈ ਦੇ ਰਹੇ ਹਨ। ਜੀ ਹਾਂ, ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਘਰੇਲੂ ਗੈਸ ਖਪਤਕਾਰ ਆਪਣੇ ਰਸੋਈ ਘਰਾਂ 'ਚ ਲੱਗੇ ਗੈਸ-ਸਿਲੰਡਰਾਂ ਦੀਆਂ ਸਾਲਾਂ ਪਹਿਲਾਂ ਖਰਾਬ ਹੋ ਚੁੱਕੀਆਂ ਸੁਰੱਖਿਆ ਪਾਈਪਾਂ ਬਦਲਵਾਉਣ ਤੋਂ ਸਾਫ ਇਨਕਾਰ ਕਰ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਕਿ ਹਰ ਗੈਸ ਕੰਪਨੀ ਵੱਲੋਂ ਖਪਤਕਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਗੈਸ ਕੁਨੈਕਸ਼ਨ ਦੇ ਨਾਲ ਦਿੱਤੀ ਜਾਣ ਵਾਲੀ ਸੁਰੱਖਿਆ ਪਾਈਪ ਦੀ ਜ਼ਿਆਦਾਤਰ ਸਮਾਂ ਹੱਦ 5 ਸਾਲ ਤੱਕ ਨਿਰਧਾਰਤ ਕੀਤੀ ਜਾਂਦੀ ਹੈ।

ਵਪਾਰ ਨਾਲ ਜੁੜੇ ਮਾਹਿਰਾਂ ਮੁਤਾਬਕ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੇ ਰਸੋਈ ਘਰਾਂ ’ਚ ਸਾਲ 2005 ਦੀ ਸੁਰੱਖਿਆ ਪਾਈਪ ਹੀ ਲੱਗੀ ਹੋਈ ਹੈ, ਮਤਲਬ ਕਰੀਬ 14 ਸਾਲ ਪੁਰਾਣੀ। ਅੱਜ ਉਨ੍ਹਾਂ ਦੇ ਰਸੋਈ ਘਰਾਂ ’ਚ ਜਗ੍ਹਾ-ਜਗ੍ਹਾ ਕੱਟੀਆਂ-ਫਟੀਆਂ ਸੁਰੱਖਿਆ ਪਾਈਪਾਂ ਲੱਗੀਆਂ ਹੋਈਆਂ ਹਨ, ਜੋ ਕਿ ਕਿਸੇ ਵੀ ਸਮੇਂ ਖ਼ੌਫਨਾਕ ਧਮਾਕੇ ਦਾ ਕਾਰਨ ਬਣ ਸਕਦੀ ਹੈ। ਇੱਥੇ ਇਸ ਤੋਂ ਵੀ ਵੱਧ ਕੇ ਚਿੰਤਾਜਨਕ ਗੱਲ ਇਹ ਦੇਖੀ ਜਾ ਸਕਦੀ ਹੈ ਕਿ ਜ਼ਿਆਦਾਤਰ ਸਲੱਮ ਅਤੇ ਪਰਵਾਸੀ ਮਜ਼ਦੂਰਾਂ ਨੇ ਤਾਂ ਆਪਣੀ ਸੁਰੱਖਿਆ ਪਾਈਪ ਖਰਾਬ ਹੋਣ ’ਤੇ ਬਾਜ਼ਾਰ 'ਚੋਂ ਮਿਲਣ ਵਾਲੀ ਰਬੜ ਦੀ ਚਾਲੂ ਪਾਈਪ ਦਾ ਜੁਗਾੜ ਕਰ ਕੇ ਗੈਸ ਸਿਲੰਡਰਾਂ ਨਾਲ ਜੋੜ ਦਿੱਤੀ ਹੈ।

ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਕਤ ਪਰਿਵਾਰ ਥੋੜ੍ਹੇ ਰੁਪਏ ਬਚਾਉਣ ਦੇ ਚੱਕਰ 'ਚ ਪਤਾ ਨਹੀਂ ਕਿੰਨੀਆਂ ਜਾਨਾਂ ਦੇ ਦੁਸ਼ਮਣ ਨਾ ਬਣ ਜਾਣ। ਫੋਕਲ ਪੁਆਇੰਟ ਦੇ ਅਜਿਹੇ ਹੀ ਇਕ ਪਰਿਵਾਰ ਦੀ ਜਨਾਨੀ ਨੇ ਬੀਤੇ ਐਤਵਾਰ ਨੂੰ ਗੈਸ ਏਜੰਸੀ ਦੇ ਡਲਿਵਰੀਮੈਨ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਕਹਿੰਦੇ ਹੋਏ ਪਾਈਪ ਬਦਲਵਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਆਪਣੇ ਪਰਿਵਾਰ ਦੇ ਨਾਲ ਹੋਣ ਵਾਲੇ ਕਿਸੇ ਵੀ ਹਾਦਸੇ ਦੀ ਉਹ ਖੁਦ ਜ਼ਿੰਮੇਵਾਰ ਹੋਵੇਗੀ। ਰਵਿੰਦਰ ਗੈਸ ਸਰਵਿਸ ਦੇ ਮੁਖੀ ਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਫਟਣ ਦੇ ਹਾਦਸਿਆਂ ’ਚ ਕਈ ਬੇਸ਼ਕੀਮਤੀ ਮਨੁੱਖੀ ਜਾਨਾਂ ਮੌਤ ਦੀ ਬੁੱਕਲ 'ਚ ਸਮਾ ਗਈਆਂ, ਬਾਵਜੂਦ ਇਸ ਦੇ ਲੋਕ ਸੁਧਰਨ ਲਈ ਤਿਆਰ ਨਹੀਂ ਹਨ। ਹਾਲਾਂਕਿ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਮੁਹਿੰਮ ਵੀ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਆਪਣੀ ਜੇਬ ’ਚੋਂ ਮੁਫ਼ਤ ਸੁਰੱਖਿਆ ਪਾਈਪ ਦੇਣ ਲਈ ਤਿਆਰ ਹਾਂ ਤਾਂ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਰਹਿ ਸਕਣ।


Babita

Content Editor

Related News