ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਵਾਲੇ ਸਾਈਕਲ ਯਾਤਰੀ ਨਾਗਰਾਜ ਗੌੜਾ ਪਹੁੰਚੇ ਫ਼ਰੀਦਕੋਟ

Tuesday, Mar 27, 2018 - 01:49 AM (IST)

ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਵਾਲੇ ਸਾਈਕਲ ਯਾਤਰੀ ਨਾਗਰਾਜ ਗੌੜਾ ਪਹੁੰਚੇ ਫ਼ਰੀਦਕੋਟ

ਫ਼ਰੀਦਕੋਟ,  (ਹਾਲੀ)-  ਰਾਸ਼ਟਰੀ ਏਕਤਾ, ਧਰਮ ਨਿਰਪੱਖਤਾ, ਦੇਸ਼ ਭਗਤੀ, ਵਾਤਾਵਰਣ ਦੀ ਸੰਭਾਲ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੇ ਨਾਗਰਾਜ ਗੌੜਾ ਆਪਣੇ ਸਾਈਕਲ ਰਾਹੀਂ ਅੱਜ ਫ਼ਰੀਦਕੋਟ ਪਹੁੰਚੇ। 
ਇਸ ਸਮੇਂ ਆਪਣੀ ਸਾਈਕਲ ਯਾਤਰਾ ਬਾਰੇ ਦੱਸਦਿਆਂ ਗੌੜਾ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਮਕਸਦਾਂ ਕਰ ਕੇ ਆਪਣੀ ਸਾਈਕਲ ਯਾਤਰਾ 3 ਦਸੰਬਰ, 2017 ਨੂੰ ਮੁੰਬਈ ਤੋਂ ਸ਼ੁਰੂ ਕੀਤੀ ਅਤੇ ਉਹ ਆਪਣੀ ਇਸ ਸਾਈਕਲ ਯਾਤਰਾ ਦੌਰਾਨ ਸੂਰਤ, ਬੜੌਦਾ, ਆਨੰਦ, ਨੜੀਆਜ, ਅਹਿਮਦਾਬਾਦ, ਸੋਮਨਾਥ, ਦਵਾਰਿਕਾ, ਮਾਊਂਟ ਆਬੂ, ਪਾਲੀ ਅਜਮੇਰ, ਹਰਿਆਣਾ, ਸਿਰਸਾ ਆਦਿ ਤੋਂ ਹੁੰਦੇ ਹੋਏ ਪੰਜਾਬ ਪਹੁੰਚੇ ਹਨ। 
ਗੌੜ ਨੇ ਪੰਜਾਬ ਅਤੇ ਪੰਜਾਬੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਸਾਂਤੀ ਵਾਲਾ ਹੈ ਅਤੇ ਇੱਥੋਂ ਦਾ ਵਾਤਾਵਰਣ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ 23 ਮਾਰਚ ਦਾ ਦਿਨ ਉਨ੍ਹਾਂ ਲਈ ਭਾਗਾਂ ਵਾਲਾ ਸੀ ਕਿਉਂਕਿ ਉਹ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸ਼ਹੀਦੀ ਯਾਦਗਾਰਾਂ ਨੂੰ ਸਿਜਦਾ ਕਰ ਕੇ ਆਏ ਹਨ। 
ਗੌੜ ਨੇ ਕਿਹਾ ਕਿ ਸਾਡਾ ਦੇਸ਼ ਸਰਬ ਧਰਮੀ ਦੇਸ਼ ਹੈ ਅਤੇ ਸਾਰੇ ਧਰਮ ਸਾਨੂੰ ਪ੍ਰੇਮ-ਪਿਆਰ ਦਾ ਪਾਠ ਪੜ੍ਹਾਉਂਦੇ ਹਨ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਗੌੜ ਨੇ ਆਪਣੀ ਅਗਲੀ ਯਾਤਰਾ ਬਾਰੇ ਜਾਣਕਾਰੀ ਦਿੱਤੀ ਕਿ ਫ਼ਰੀਦਕੋਟ ਤੋਂ ਉਹ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਤੋਂ ਦਿੱਲੀ ਜਾਣਗੇ ਅਤੇ ਕਰਨਾਟਕ ਵਿਚ ਜਾ ਕੇ ਆਪਣੀ ਸਾਈਕਲ ਯਾਤਰਾ ਖਤਮ ਕਰਨਗੇ।


Related News