ਨੀਲ ਗਊ ਵੱਢ ਕੇ ਲਿਜਾਂਦੇ 3 ਕਾਬੂ
Friday, Oct 06, 2017 - 04:03 AM (IST)

ਖਰੜ, (ਅਮਰਦੀਪ)– ਸਦਰ ਥਾਣਾ ਪੁਲਸ ਨੇ ਘਾੜ ਇਲਾਕੇ ਤੋਂ ਨੀਲ ਗਊ ਨੂੰ ਵੱਢ ਕੇ ਲਿਜਾ ਰਹੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਪਿਛਲੀ ਦਰਮਿਆਨੀ ਰਾਤ 1 ਵਜੇ ਦੇ ਕਰੀਬ ਜਦੋਂ ਏ. ਐੱਸ. ਆਈ. ਕਰਨਵੀਰ ਸਿੰਘ ਪੁਲਸ ਟੀਮ ਨਾਲ ਗਸ਼ਤ ਕਰ ਰਹੇ ਸਨ ਤਾਂ ਮਨਾਣਾ ਟੀ-ਪੁਆਇੰਟ ਜੰਡਪੁਰ ਰੋਡ 'ਤੇ ਆ ਰਹੀ ਇਕ ਇੰਡੀਕਾ ਕਾਰ (ਪੀ ਬੀ 65 ਈ-6785) ਨੂੰ ਜਦੋਂ ਰੋਕਿਆ ਤਾਂ ਕਾਰ ਚਾਲਕ ਦੇ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ ਤੇ ਜਦੋਂ ਉਸ ਨੂੰ ਖੂਨ ਸਬੰਧੀ ਪੁੱਛਿਆ ਤਾਂ ਉਹ ਘਬਰਾ ਗਿਆ।
ਪੁਲਸ ਨੇ ਕਾਰ ਦੀ ਜਦੋਂ ਚੈਕਿੰਗ ਕੀਤੀ ਤਾਂ ਉਸ ਵਿਚ ਵੱਢੀ ਹੋਈ ਨੀਲ ਗਊ ਦਾ ਧੜ, ਚਮੜੀ ਤੇ ਮੀਟ ਪਿਆ ਸੀ। ਪੁਲਸ ਨੇ ਹਰਮਨ ਸਿੰਘ ਪੁੱਤਰ ਬਲੌਰ ਸਿੰਘ, ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ, ਬੂਟਾ ਸਿੰਘ ਪੁੱਤਰ ਮਲਾਗਰ ਸਿੰਘ ਵਾਸੀਆਨ ਪਿੰਡ ਚੜੀ ਨੇੜੇ ਖਮਾਣੋਂ ਨੂੰ ਵਣ ਜੀਵ ਸੁਰੱਖਿਆ ਐਕਟ 1972 ਤਹਿਤ ਗ੍ਰਿਫਤਾਰ ਕਰ ਕੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸੁਨੀਲ ਕੁਮਾਰ ਤੇ ਗਾਰਡ ਰੇਂਜ ਮੋਹਾਲੀ ਰਮਨਦੀਪ ਕੌਰ ਹਵਾਲੇ ਕਰ ਦਿੱਤਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਕਥਿਤ ਦੋਸ਼ੀਆਂ ਨੂੰ 6 ਅਕਤੂਬਰ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਨਗੇ।