ਮੋਗਾ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਸ ਦੀ ਵੱਡੀ 'ਰੇਡ'

Friday, Apr 17, 2020 - 10:41 AM (IST)

ਮੋਗਾ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਸ ਦੀ ਵੱਡੀ 'ਰੇਡ'

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ): ਪਿਛਲੇ ਕੁਝ ਦਿਨਾਂ ਤੋਂ ਤੜਕਸਾਰ ਸਵੇਰੇ 6 ਤੋਂ 9 ਵਜੇ ਤੱਕ ਕਥਿਤ ਤੌਰ 'ਤੇ ਮੋਗਾ ਸ਼ਹਿਰ ਅੰਦਰ ਉਡਦੀਆਂ 'ਕਰਫਿਊ' ਨਿਯਮਾਂ ਦੀਆਂ ਧੱਜੀਆਂ ਵਿਰੁੱਧ ਅੱਜ ਤੜਕਸਾਰ ਸਵੇਰੇ 6 ਵਜੇ ਤੋਂ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਵੱਡੀ 'ਰੇਡ' ਕਰਦਿਆਂ ਸ਼ਹਿਰ ਦੇ ਮੁੱਖ ਚੌਕ 'ਚ ਵਿਸ਼ੇਸ਼ ਨਾਕੇਬੰਦੀ ਕਰਦਿਆਂ ਜਿੱਥੇ ਆਉਣ-ਜਾਣ ਵਾਲੇ ਸੈਂਕੜੇ ਵਾਹਨ ਚਾਲਕਾਂ ਨੂੰ ਫੜ੍ਹ ਕੇ ਹਿਰਾਸਤ 'ਚ ਲਿਆ, ਉੱਥੇ ਹੀ ਕਰਫਿਊ ਦੀ ਉਲੰਘਣਾ ਕਰਦੇ ਹੋਏ ਕਰਿਆਨਾ ਅਤੇ ਹੋਰ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਨੂੰ ਛੱਡ ਕੇ ਹਿਰਾਸਤ 'ਚ ਲਿਆ, ਇੱਥੇ ਹੀ ਬੱਸ ਨਹੀਂ ਬਿਨਾਂ ਕਰਫਿਊ ਪਾਸ ਦੇ ਸਬਜ਼ੀਆਂ ਦੀ ਢੋਆ-ਢੁਆਈ ਕਰਨ ਵਾਲੇ ਲੋਕਾਂ ਦੀਆਂ ਸਬਜ਼ੀ ਨਾਲ ਭਰੀਆਂ ਦੁਕਾਨਾਂ ਨੂੰ ਵੀ ਥਾਣੇ 'ਬੰਦ' ਕਰ ਦਿੱਤਾ।

'ਜਗ ਬਾਣੀ' ਵਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਫੜ੍ਹੇ ਗਏ ਸੈਂਕੜੇ ਲੋਕਾਂ ਨੂੰ ਪੁਲਸ ਵਲੋਂ ਗੋਧੇਵਾਲ ਖੇਡ ਸਟੇਡੀਅਮ 'ਚ ਬਣਾਈ ਗਈ 'ਖੁੱਲ੍ਹੀ ਜੇਲ' 'ਚ ਬੰਦ ਕੀਤਾ ਗਿਆ। ਇਸ ਮੌਕੇ ਡੀ.ਐੱਸ.ਪੀ. ਪਰਮਜੀਤ ਸਿੰਘ ਸੰਧੂ, ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ, ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ, ਟ੍ਰੈਫਿਕ ਇੰਚਾਰਜ ਇੰਸਪੈਕਟਰ ਭੁਪਿੰਦਰ ਕੌਰ, ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਜਸਵੰਤ ਸਿੰਘ ਸਰਾ ਆਦਿ ਦੀਆਂ ਟੀਮਾਂ ਵਲੋਂ ਹਿਰਾਸਤ 'ਚ ਲਏ ਗਏ ਸ਼ਹਿਰੀਆਂ ਨੂੰ ਕਰਫਿਊ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਗਿਆ ਕਿ ਮਨੁੱਖਤਾ ਦੀ ਭਲਾਈ ਲਈ ਇਹ ਜ਼ਰੂਰੀ ਹੈ ਕਿ ਇਸ ਸਮੇਂ ਘਰਾਂ 'ਚ ਬੈਠ ਕੇ ਕਰਫਿਊ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਕਿਉਂਕਿ ਇਸ ਮਹਾਮਾਰੀ 'ਤੇ ਕਾਬੂ ਘਰਾਂ 'ਚ ਬੈਠ ਕੇ ਹੀ ਪਾਇਆ ਜਾ ਸਕਦਾ ਹੈ।

ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਵਰਤੀ ਜਾਵੇਗੀ ਸਖਤੀ : ਐੱਸ.ਪੀ.ਡੀ.
ਇਸੇ ਦੌਰਾਨ ਹੀ ਐੱਸ.ਐੱਸ.ਪੀ.ਡੀ. ਹਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸ਼ਾਂ 'ਤੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਰਫਿਊ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਰਫਿਊ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਹੋਰ ਸਖਤੀ ਕੀਤੀ ਜਾਵੇਗਾ।


author

shivani attri

Content Editor

Related News