ਤਪਾ ਮੰਡੀ : ਘਰ ਜਾ ਕੇ ਪੁਲਸ ਨੇ ਵਰ੍ਹਾਇਆ ਡੰਡਾ, ਗਰਭਵਤੀ ਔਰਤ ਨਾਲ ਧੱਕਾ-ਮੁੱਕੀ ਦਾ ਦੋਸ਼
Wednesday, Apr 01, 2020 - 06:38 PM (IST)
ਤਪਾ ਮੰਡੀ (ਸ਼ਾਮ,ਗਰਗ) : ਸਬ-ਡਵੀਜ਼ਨਲ ਹਸਪਤਾਲ ਤਪਾ 'ਚ ਦਾਖਲ ਨਿਰਮਲ ਕੌਰ ਨਿਮੋ, ਨੂੰਹ ਨਿਮਰਤ ਕੌਰ ਅਤੇ ਸੁਖਵਿੰਦਰ ਸਿੰਘ ਵਾਸੀਆਨ ਉਗੋ ਨੇ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਕਾਰਨ ਜਿੱਥੇ ਪੂਰੀ ਦੁਨੀਆਂ ਦੇ ਲੋਕ ਦਹਿਸ਼ਤ ਵਿਚ ਜਿਓ ਰਹੇ ਹਨ, ਉਥੇ ਹੀ ਪੰਜਾਬ ਪੁਲਸ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬਦੀ ਹੈ। ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਜਦੋਂ ਤਪਾ ਨਜ਼ਦੀਕ ਪਿੰਡ ਉਗੋਕੇ ਵਿਖੇ ਗਸ਼ਤ ਕਰ ਰਹੀ ਪੁਲਸ ਦੇ ਹੂਟਰ ਮਾਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪਿੰਡ ਦੀ ਫਿਰਨੀ ਵੱਲ ਭੱਜ ਗਏ, ਜਿਨ੍ਹਾਂ ਵਿਚੋਂ ਦੋ ਨੌਜਵਾਨ ਤਾਂ ਫਰਾਰ ਹੋ ਗਏ ਅਤੇ ਇਕ ਕੇਵਲ ਸਿੰਘ, ਜੀਤ ਸਿੰਘ ਵਾਸੀ ਉਗੋਕੇ ਦੇ ਘਰ ਵੜ ਗਿਆ। ਜਿੱਥੇ ਪੁਲਸ ਵੀ ਉਸ ਦੇ ਪਿੱਛੇ ਹੀ ਵੜ ਗਈ।
ਇਹ ਵੀ ਪੜ੍ਹੋ : ਪੰਜਾਬ ''ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਕੇਵਲ ਸਿੰਘ ਕੋਲ ਪਹੁੰਚਦੇ ਹੀ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਨ ਸ਼ੁਰੂ ਕਰ ਦਿੱਤੀ। ਜੀਤ ਸਿੰਘ ਦੇ ਪਰਿਵਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵੱਲੋਂ ਆਪਣੇ ਘਰ ਵਿਚ ਕਿਸੇ ਨੌਜਵਾਨ ਦੀ ਹੋ ਰਹੀ ਕੁੱਟਮਾਰ ਨੂੰ ਵੀਡੀਓ ਕੈਮਰੇ ਵਿਚ ਕੈਦ ਕਰਨ ਲਈ ਜੀਤ ਸਿੰਘ ਦੀ ਨੂੰਹ ਨਿਮਰਤ ਕੌਰ ਜੋ ਅੱਠ ਮਹੀਨਿਆਂ ਦੀ ਗਰਭਵਤੀ ਹੈ ਨੂੰ ਦੇਖਦਿਆਂ ਪੁਲਸ ਨੇ ਉੁਸ ਨੂੰ ਵੀ ਧੱਕੇ ਮਾਰ ਸੁੱਟ ਦਿੱਤਾ ਅਤੇ ਮੋਬਾਇਲ ਖੋਹ ਲਿਆ। ਇਸ ਦੌਰਾਨ ਜੀਤ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਸ ਪਾਰਟੀ ਨਾਲ ਲੈ ਗਈ। ਨਿਰਮਲ ਕੌਰ ਨੇ ਦੱਸਿਆ ਕਿ ਮੈਨੂੰ ਅਤੇ ਕੇਵਲ ਸਿੰਘ ਨੂੰ ਫੜ ਕੇ ਪੁਲਸ ਥਾਣੇ ਲੈ ਗਈ ਜਿੱਥੇ ਉਨ੍ਹਾਂ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸਿਰ ਵਿਚ ਬਹੁਤ ਚੱਪਲਾਂ ਮਾਰੀਆਂ ਅਤੇ ਮੈਨੂੰ ਇਸ ਗੱਲ ਲਈ ਮਜਬੂਰ ਕੀਤਾ ਗਿਆ ਕਿ ਮੈਂ ਆਪਣੇ ਨਾਲ ਹੋਈ ਕੁੱਟਮਾਰ ਦੀ ਗੱਲ ਕਿਸੇ ਕੋਲ ਨਾ ਕਰਾ। ਪੁਲਸ ਨੇ ਧਮਕੀ ਦਿੰਦਿਆਂ ਕਿਹਾ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੁਹਾਡੇ 'ਤੇ ਵੱਡਾ ਪਰਚਾ ਪਾ ਕੇ ਤੁਹਾਨੂੰ ਜੇਲ•ਵਿਚ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰ ਆਉਣ ਤੋਂ ਬਾਅਦ ਉਸ ਨੇ ਆਪਣੀ ਨੂੰਹ ਜੋ ਦਰਦ ਨਾਲ ਕਰਾਹ ਰਹੀ ਸੀ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਅਤੇ ਉਹ ਖੁਦ ਵੀ ਹਸਪਤਾਲ ਤਪਾ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਕਰਫਿਊ ਕਾਰਨ ਘਰਾਂ ''ਚ ਡੱਕੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ
ਕਹਿਣਾ ਹੈ ਐੱਸ. ਐੱਚ. ਓ. ਦਾ
ਉਧਰ ਐੱਸ.ਐੱਚ.ਓ ਸ਼ਹਿਣਾ ਤਰਸੇਮ ਸਿੰਘ ਦਾ ਕਹਿਣਾ ਹੈ ਥਾਣੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਪਿੰਡ ਉਗੋਕੇ ਵਿਖੇ ਲਾਕਡਾਊਨ ਕਾਰਨ ਗਸ਼ਤ ਕਰ ਰਹੀ ਸੀ ਤਾਂ ਕੁਝ ਨੌਜਵਾਨ ਸੜਕ ਕਿਨਾਰੇ ਮੋਟਰਸਾਈਕਲ ਲਗਾ ਕੇ ਖੜ੍ਹੇ ਸਨ। ਜਦੋਂ ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਸ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਸ 'ਤੇ ਹਮਲਾ ਕਰਕੇ ਫਰਾਰ ਹੋ ਗਏ ਅਤੇ ਨੇੜਲੇ ਘਰ ਵਿਚ ਵੜ ਗਏ। ਇਸ ਦੌਰਾਨ ਪੁਲਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਘਰ ਅੰਦਰੋਂ 1 ਔਰਤ ਨਿਰਮਲ ਕੌਰ ਸਮੇਤ ਨੌਜਵਾਨ ਰਿੰਪੀ ਦੇ ਬਾਹਰ ਨਿਕਲੀ ਅਤੇ ਪੁਲਸ ਪਾਰਟੀ ਦੇ ਗਲ ਪੈ ਗਏ ਅਤੇ ਪੁਲਸ ਪਾਰਟੀ ਨਾਲ ਧੱਕਾ ਮੁੱਕੀ ਕੀਤੀ ਅਤੇ ਮੌਕਾ ਵਾਰਦਾਤ ਤੋਂ ਭੱਜ ਗਏ। ਪੁਲਸ ਨੇ ਕੇਵਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜਗਜੀਤਪੁਰਾ, ਮਨਪ੍ਰੀਤ ਸਿੰਘ ਉਰਫ ਮਾਣਾ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਜਗਜੀਤ ਪੁਰਾ, ਨਿਰਮਲ ਕੌਰ ਪਤਨੀ ਜੀਤ ਸਿੰਘ ਵਾਸੀ ਉਗੋਕੇ ਅਤੇ ਰਿੰਪੀ ਵਾਸੀ ਤਲਵੰਡੀ ਸਾਬੋ ਹਾਲ ਉਗੋਕੇ ਖਿਲਾਫ ਪੁਲਸ ਨਾਲ ਧੱਕਾ ਮੁੱਕੀ ਕਰਨ, ਪੁਲਸ ਦੇ ਕੰਮ 'ਚ ਵਿਘਨ ਪਾਉਣਾ ਅਤੇ ਡੀ.ਸੀ.ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਚਿਤਾਵਨੀ