ਕਰਫਿਊ ''ਚ ਬਜ਼ੁਰਗ ਜੋੜੇ ਨੇ ਆਪਣੇ ਹੀ ਪੁੱਤਰ ''ਤੇ ਲਾਇਆ ਕੁੱਟ-ਮਾਰ ਦਾ ਦੋਸ਼
Saturday, Apr 25, 2020 - 04:34 PM (IST)
ਲੰਬੀ/ਮਲੋਟ (ਜੁਨੇਜਾ): ਕਰਫਿਊ ਮੌਕੇ ਜਿਥੇ ਵੱਖ-ਵੱਖ ਲੋਕ ਬੇਗਾਨੇ ਬੇ ਆਸਰਿਆਂ ਦੀ ਮਦਦ ਲਈ ਅੱਗੇ ਆ ਰਹੇ ਹਨ ਉੱਥੇ ਕਈ ਵਿਅਕਤੀ ਅਜਿਹੇ ਵੀ ਹਨ ਜਿਹੜੇ ਨਿੱਜੀ ਲਾਲਚ ਕਰ ਕੇ ਆਪਣਿਆਂ ਹੀ ਮਾਪਿਆਂ ਦੀ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਜਲੀਲ ਕਰਦੇ ਹਨ। ਪਿੰਡ ਆਲਮਵਾਲਾ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ 75 ਸਾਲਾ ਸੁਖਮੰਦਰ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਨੇ ਦੋਸ਼ ਲਾਇਆ ਕਿ ਸਾਰੀ ਉਮਰ ਦੀ ਕਮਾਈ ਉਨ੍ਹਾਂ ਆਪਣੇ ਬੱਚਿਆ ਦੇ ਹਵਾਲੇ ਕਰ ਦਿੱਤੀ ਪਰ ਅੰਤਿਮ ਸਮੇਂ ਉਨ੍ਹਾਂ ਦੀ ਸੰਭਾਲ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਵੱਖਰੇ ਰਹਿਣ ਲਈ ਮਜ਼ਬੂਰ ਕੀਤਾ ਅਤੇ ਹੁਣ ਉਨ੍ਹਾਂ ਦੇ ਛੋਟੇ ਪੁੱਤਰ ਵਲੋਂ ਕੁੱਟ-ਮਾਰ ਕੀਤੀ ਜਾ ਰਹੀ ਹੈ।
ਬਜ਼ੁਰਗ ਨੇ ਦੱਸਿਆ ਕਿ ਉਹ ਆਪਣੇ ਛੋਟੇ ਲੜਕੇ ਨਾਲ ਰਹਿੰਦੇ ਸਨ ਪਰ ਉਸਦੀ ਪਤਨੀ ਨੇ ਝਗੜਾ ਕਰ ਕੇ ਅਜਿਹੇ ਹਾਲਾਤ ਬਣਾ ਦਿੱਤੇ ਕਿ ਉਨ੍ਹਾਂ ਨੂੰ ਅੰਤਿਮ ਉਮਰ ਵੱਖ ਰਹਿਣ ਲਈ ਮਜਬੂਰ ਹੋਣਾ ਪਿਆ। ਹੁਣ ਆਪਣੀਆਂ ਜ਼ਰੂਰਤਾਂ ਲਈ ਉਸਨੇ ਆਪਣੀ ਬਾਹਰ ਗੜਿਆਂ 'ਚ ਪਈ ਥਾਂ ਵੇਚ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਛੋਟੇ ਪੁੱਤਰ ਨੇ ਉਨ੍ਹਾਂ ਦੀ ਕੁੱਟ-ਮਾਰ ਕੀਤੀ।ਪਿੰਡ ਦੇ ਹੀ ਗੁਰਮੀਤ ਸਿੰਘ ਨਾਮਕ ਇਕ ਵਿਅਕਤੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਕਤ ਲੜਕਾ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਰਿਹਾ ਸੀ ਕਿ ਉਨ੍ਹਾਂ ਨੇ ਆ ਕੇ ਉਸਨੂੰ ਛਡਾਇਆ।ਉਧਰ ਆਲਮਵਾਲਾ ਹਸਪਤਾਲ 'ਚ ਦਾਖਲ ਬਜ਼ੁਰਗ ਦਾ ਲੜਕਾ ਗੁਰਪਿਆਰ ਸਿੰਘ ਆਪਣੇ ਮਾਂ-ਬਾਪ 'ਤੇ ਕੁੱਟ-ਮਾਰ ਦਾ ਦੋਸ਼ ਲਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸਨੇ ਤੂੜੀ ਰੱਖਣ ਲਈ ਇਹ ਥਾਂ ਨਾ ਵੇਚਣ ਲਈ ਆਪਣੇ ਪਿਤਾ ਨੂੰ ਕਿਹਾ ਸੀ।ਉਧਰ ਕਬਰਵਾਲਾ ਥਾਣਾ ਦੇ ਮੁੱਖ ਅਫਸਰ ਇੰਸਪੈਕਟਰ ਵਿਸ਼ਨ ਲਾਲ ਦਾ ਕਹਿਣਾ ਹੈ ਥਾਣੇਦਾਰ ਬਲਵੰਤ ਸਿੰਘ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸ਼ੁਰੂਆਤੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਗੁਰਪਿਆਰ ਨੇ ਆਪਣੇ ਬਾਪ ਦੀ ਕੁੱਟ-ਮਾਰ ਕੀਤੀ ਹੈ ਇਸ ਲਈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।