ਕਰਫਿਊ ਦੀ ਉਲੰਘਣਾ ਕਰਨ ਤੋਂ ਰੋਕਣ ’ਤੇ ਪਿਉ-ਪੁੱਤ ਨੇ ਥਾਣੇਦਾਰ ’ਤੇ ਕੀਤਾ ਹਮਲਾ

03/25/2020 2:08:02 PM

ਮਲੋਟ (ਜੁਨੇਜਾ, ਕਾਠਪਾਲ) - ਕੋਰੋਨਾ ਵਾਇਰਸ ਸਬੰਧੀ ਜ਼ਿਲਾ ਪ੍ਰਸ਼ਾਸਨ ਵਲੋਂ ਲਾਏ ਕਰਫਿਊ ਦੌਰਾਨ ਜਿੱਥੇ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਵਿਭਾਗ ਦੇ ਕੰਮਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ, ਉੱਥੇ ਹੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਮਲੋਟ ਵਿਖੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਡਿਊਟੀ ’ਤੇ ਤਾਇਨਾਤ ਇਕ ਥਾਣੇਦਾਰ ਨੇ ਕਰਫਿਊ ਦੌਰਾਨ ਬਾਜ਼ਾਰ ਵਿਚ ਫਿਰਨ ਤੋਂ ਰੋਕਣ ’ਤੇ ਇਕ ਵਿਅਕਤੀ ਨੇ ਆਪਣੇ ਪੁੱਤਰ ਅਤੇ ਸਾਥੀ ਸਣੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾ ਕਰਨ ’ਤੇ ਸਹਾਇਕ ਸਬ-ਇੰਸਪੈਕਟਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਏ. ਐੱਸ. ਆਈ. ਕ੍ਰਿਸ਼ਨ ਲਾਲ ਨੰ. 917 ਸ੍ਰੀ ਮੁਕਤਸਰ ਸਾਹਿਬ ਪੁੱਤਰ ਨਿਹਾਲ ਚੰਦ ਵਾਸੀ ਗਲੀ ਨੰ. 5 ਵਾਰਡ ਨੰਬਰ 27 ਮਲੋਟ ਨੇ ਦੱਸਿਆ ਕਿ ਉਹ ਪੀ. ਐੱਚ. ਜੀ. ਜਵਾਨ ਮੁੰਨਾ ਲਾਲ ਨੰ. 12103 ਨਾਲ ਤਹਿਸੀਲ ਚੌਕ ਵਿਚ ਡਿਊਟੀ ਦੇ ਰਿਹਾ ਸੀ। 

ਇਸ ਦੌਰਾਨ ਬਲਜਿੰਦਰ ਸਿੰਘ ਪੁੱਤਰ ਪਾਲ ਸਿੰਘ ਨਸ਼ੇ ਦੀ ਹਾਲਤ ਵਿਚ ਸੀ। ਉਹ ਲੋਕਾਂ ਨੂੰ ਰੋਕ-ਰੋਕ ਕੇ ਗੱਲਾਂ ਕਰਦਾ ਹੋਇਆ ਕਰਫਿਊ ਦੇ ਜਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਸੀ। ਪੁਲਸ ਵਲੋਂ ਉਸ ਨੂੰ ਰੋਕਣ ’ਤੇ ਉਹ ਇਕ ਵਾਰ ਬਹਿਸ ਕਰ ਕੇ ਚਲਾ ਗਿਆ ਪਰ ਬਾਅਦ ਵਿਚ ਆਪਣੀ ਕਾਰ ’ਚ ਆਇਆ, ਜਿਸ ਨੂੰ ਬਲਜਿੰਦਰ ਸਿੰਘ ਦਾ ਪੁੱਤਰ ਤਰਨਜੀਤ ਸਿੰਘ ਚਲਾ ਰਿਹਾ ਸੀ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਨਾਲ ਸੀ। ਉਨ੍ਹਾਂ ਨੇ ਆਉਂਦਿਆਂ ਹੀ ਏ. ਐੱਸ. ਆਈ. ਕ੍ਰਿਸ਼ਨ ਲਾਲ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ’ਤੇ ਡਾਂਗਾਂ ਨਾਲ ਸੱਟਾਂ ਮਾਰੀਆਂ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਸਿਟੀ ਮਲੋਟ ਪੁਲਸ ਨੇ ਕ੍ਰਿਸ਼ਨ ਲਾਲ ਏ. ਐੱਸ. ਆਈ. ਦੇ ਬਿਆਨ ’ਤੇ ਬਲਜਿੰਦਰ ਸਿੰਘ ਪੁੱਤਰ ਪਾਲ ਸਿੰਘ, ਉਸ ਦੇ ਪੁੱਤਰ ਤਰਨਜੀਤ ਸਿੰਘ ਅਤੇ ਇਕ ਅਣਪਛਾਤੇ ਸਾਥੀ ’ਤੇ ਮਾਮਲਾ ਦਰਜ ਕਰ ਦਿੱਤਾ ਹੈ।
 


rajwinder kaur

Content Editor

Related News