''ਪੰਜਾਬੀ ਬੋਲੀ ਤੇ ਸੱਭਿਆਚਾਰਕ ਉਤਸਵ'' 14 ਤੋਂ 21 ਫਰਵਰੀ ਤੱਕ ਮਨਾਇਆ ਜਾਵੇਗਾ : ਚੰਨੀ

02/14/2020 12:03:53 AM

ਚੰਡੀਗੜ੍ਹ,(ਅਸ਼ਵਨੀ)-ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਉਤਸਵ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ/ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਨੀ ਨੇ ਦੱਸਿਆ ਕਿ ਮੀਟਿੰਗ 'ਚ ਲਏ ਫੈਸਲੇ ਅਨੁਸਾਰ ਸਰਕਾਰ ਵਲੋਂ 'ਪੰਜਾਬੀ ਬੋਲੀ ਅਤੇ ਸਭਿਆਚਾਰਕ ਉਤਸਵ' 14 ਤੋਂ 21 ਫਰਵਰੀ ਤੱਕ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਫਰਵਰੀ, 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 'ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ' ਦਾ ਉਦਘਾਟਨੀ ਸਮਾਰੋਹ ਹੋਵੇਗਾ, ਜਿਸ 'ਚ ਡਾ. ਸੁਰਜੀਤ ਪਾਤਰ ਅਤੇ ਡਾ. ਵਰਿਆਮ ਸਿੰਘ ਸੰਧੂ ਦੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਹੱਲ ਸਬੰਧੀ ਭਾਸ਼ਣ ਕਰਵਾਏ ਜਾਣਗੇ। ਇਸ ਉਪਰੰਤ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ ਅਤੇ ਪੰਜਾਬੀ ਬੋਲੀ ਦੇ ਵਿਕਾਸ ਲਈ ਕੰਮ ਕਰਨ ਵਾਲੀਆਂ 11 ਅਹਿਮ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।

ਇਸ ਤੋਂ ਅਗਲੇ ਦਿਨ 15 ਫਰਵਰੀ ਨੂੰ ਪੰਜਾਬ ਆਰਟ ਕੌਂਸਲ, ਸੈਕਟਰ -16, ਚੰਡੀਗੜ੍ਹ ਵਿਖੇ ਪੰਜਾਬੀ ਕਵੀ ਦਰਬਾਰ ਅਤੇ ਗੀਤ/ਗਜ਼ਲਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਉਪਰੰਤ ਨਾਮਵਰ ਕਵੀਆਂ ਦਾ ਸਨਮਾਨ ਕੀਤਾ ਜਾਵੇਗਾ। 17 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇਕ ਅੰਤਰਰਾਸ਼ਟਰੀ ਪੱਧਰ ਦਾ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਅਤੇ ਵਿਚਾਰ ਚਰਚਾ ਹੋਵੇਗੀ। ਇਸੇ ਲੜੀ ਦੇ ਤਹਿਤ ਮਿਤੀ 18 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਪਸ (ਕਲਾ ਭਵਨ) 'ਚ ਵੱਖ-ਵੱਖ 4 ਯੂਨੀਵਰਸਿਟੀਆਂ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਦੀਆਂ ਇਨਾਮ ਜੇਤੂ ਟੀਮਾਂ ਦੇ ਨਾਟਕ ਮੁਕਾਬਲੇ ਕਰਵਾਏ ਜਾਣਗੇ। ਇਸ ਉਪਰੰਤ 'ਪੰਜਾਬ ਸੰਗੀਤ ਅਤੇ ਨਾਟਕ ਅਕਾਦਮੀ' ਵਲੋਂ 'ਲੂਣਾ' ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ। 19 ਫਰਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਪੰਜਾਬ ਨਾਲ ਸਬੰਧਤ ਲੋਕ ਨਾਚ/ਲੋਕ ਗੀਤ ਪੇਸ਼ ਕੀਤੇ ਜਾਣਗੇ, ਜਿਸ ਤਹਿਤ ਭੰਗੜੇ ਅਤੇ ਗਿੱਧੇ ਦੀਆਂ ਟੀਮਾਂ ਦਾ ਮੁਕਾਬਲਾ ਕਰਵਾਇਆ ਜਾਵੇਗਾ। ਬਾਅਦ ਦੁਪਹਿਰ 4 ਵਜੇ ਡਾ. ਸਤਿੰਦਰ ਸਰਤਾਜ ਵਲੋਂ ਸੱਭਿਆਚਾਰਕ ਗੀਤਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਤਸਵ ਦੇ ਆਖਰੀ ਦਿਨ 21 ਫਰਵਰੀ ਨੂੰ ਪੰਜਾਬ ਆਰਟ ਕੌਂਸਲ ਵਲੋਂ ਪੰਜਾਬ ਸਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵਿਖੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵੱਖਰੇ ਤੌਰ 'ਤੇ ਪ੍ਰੋਗਰਾਮ (ਪੰਜਾਬੀ ਗੀਤ/ਬਾਲ ਗੀਤਾਂ ਦਾ ਗਾਇਨ ਆਦਿ) ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਵਲੋਂ ਪਟਿਆਲਾ ਵਿਖੇ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਖੋਜ ਪਰਚੇ ਪੜ੍ਹੇ ਜਾਣਗੇ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ।

ਅੱਜ ਦੀ ਮੀਟਿੰਗ ਦੌਰਾਨ ਪੰਜਾਬੀ ਬੋਲੀ ਨੂੰ ਸਮਰਪਿਤ 16 ਅਤੇ 17 ਮਾਰਚ ਨੂੰ ਕਰਵਾਏ ਜਾਣ ਵਾਲੇ 'ਅੰਤਰਰਾਸ਼ਟਰੀ ਫਿਲਮ ਉਤਸਵ-2020' ਦੀ ਰੂਪ-ਰੇਖਾ ਬਾਰੇ ਵਿਚਾਰ ਕੀਤਾ ਗਿਆ, ਜਿਸ ਤਹਿਤ ਇਸ 2 ਦਿਨਾ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲੇ ਦੌਰਾਨ ਪੰਜਾਬੀ ਨਾਲ ਸਬੰਧਤ ਕੁਝ ਉੱਘੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਇਨ੍ਹਾਂ ਫਿਲਮਾਂ ਨਾਲ ਸਬੰਧਤ ਪ੍ਰੋਡਿਊਸਰ/ਡਾਇਰੈਕਟਰ/ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ। 17 ਮਾਰਚ ਨੂੰ ਸਮਾਪਤੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਪੰਜਾਬੀ ਫਿਲਮ ਉਦਯੋਗ 'ਚ ਅਹਿਮ ਰੋਲ ਅਦਾ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਨਗੇ।


Related News