ਜ਼ੀਰਕਪੁਰ ’ਚ ਨਿਰਮਾਣ ਕਾਰਜ ਕਾਰਨ ਟ੍ਰਿਬਿਊਨ ਚੌਂਕ ਤੋਂ ਅੱਗੇ ਨਹੀਂ ਚੱਲ ਸਕੀਆਂ ਬੱਸਾਂ

11/26/2021 1:17:17 PM

ਚੰਡੀਗੜ੍ਹ (ਰਾਜਿੰਦਰ) : ਜ਼ੀਰਕਪੁਰ ਬੈਰੀਅਰ ਕੋਲ ਚੰਡੀਗੜ੍ਹ ਤੋਂ ਜ਼ੀਰਕਪੁਰ ਵੱਲ ਸੜਕ ’ਤੇ ਅੰਡਰਪਾਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੀ. ਟੀ. ਯੂ. ਦੀਆਂ ਜ਼ਿਆਦਾਤਰ ਬੱਸਾਂ ਵੀਰਵਾਰ ਜ਼ੀਰਕਪੁਰ ਅਤੇ ਡੇਰਾਬੱਸੀ ਲਈ ਨਹੀਂ ਚੱਲ ਸਕੀਆ। ਇਸ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸਾਂ ਟ੍ਰਿਬਿਊਨ ਚੌਂਕ ਤੋਂ ਅੱਗੇ ਨਹੀਂ ਚੱਲ ਸਕੀਆਂ, ਜਿਸ ਕਾਰਨ ਮੁਸਾਫ਼ਰਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਘਰ, ਦਫ਼ਤਰ ਅਤੇ ਹੋਰ ਥਾਵਾਂ ’ਤੇ ਪੁੱਜਣ ਲਈ ਆਟੋ ਦਾ ਸਹਾਰਾ ਲੈਣਾ ਪਿਆ। ਦੱਸਣਯੋਗ ਹੈ ਕਿ ਸਵੇਰੇ ਤੋਂ ਡੇਰਾਬੱਸੀ ਅਤੇ ਜ਼ੀਰਕਪੁਰ ਤੋਂ ਚੰਡੀਗੜ੍ਹ ਲਈ ਕੁੱਝ ਬੱਸਾਂ ਚੱਲੀਆਂ ਸਨ ਪਰ ਬਾਅਦ ’ਚ ਉੱਥੋਂ ਲਈ ਸੀ. ਟੀ. ਯੂ. ਬੱਸਾਂ ਨੂੰ ਜਾਣ ਨਹੀਂ ਦਿੱਤਾ ਗਿਆ। ਸੀ. ਟੀ. ਯੂ. ਦੀਆਂ ਜ਼ੀਰਕਪੁਰ ਅਤੇ ਡੇਰਾਬੱਸੀ ਲਈ 34, 212, 216, 36 ਅਤੇ 32 ਨੰਬਰ ਆਦਿ ਬੱਸਾਂ ਚੱਲਦੀਆਂ ਹਨ। ਇਨ੍ਹਾਂ ’ਚੋਂ 32 ਨੰਬਰ ਨੂੰ ਛੱਡ ਕੇ ਬਾਕੀ ਸਾਰੀਆਂ ਬੱਸਾਂ ਡੇਰਾਬੱਸੀ ਲਈ ਨਹੀਂ ਚੱਲ ਸਕੀਆਂ। 32 ਨੰਬਰ ਬੱਸ ਨਾਡਾ ਸਾਹਿਬ ਤੋਂ ਘੁੰਮ ਕੇ ਜਾਂਦੀ ਹੈ। ਇਹੀ ਕਾਰਨ ਹੈ ਕਿ ਡੇਰਾਬੱਸੀ ਜਾਣ ਵਾਲੇ ਕੁੱਝ ਲੋਕਾਂ ਨੂੰ ਇਸ ਬੱਸ ਦਾ ਵੀ ਸਹਾਰਾ ਲੈਣਾ ਪਿਆ ਪਰ ਇਹ ਬੱਸ ਵੀ ਘੁੰਮ ਕੇ ਡੇਰਾਬੱਸੀ ਜਾਂਦੀ ਹੈ ਤਾਂ ਮੁਸਾਫ਼ਰਾਂ ਨੂੰ ਇਸ ਕਾਰਨ ਕਾਫ਼ੀ ਉਡੀਕ ਕਰਨੀ ਪਈ।
ਬੱਸਾਂ ਲਈ ਉਡੀਕ ਕਰਦੇ ਰਹੇ ਮੁਸਾਫ਼ਰ
ਬੱਸ ਸਟੈਂਡ ਸਮੇਤ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਮੁਸਾਫ਼ਰ ਬੱਸਾਂ ਲਈ ਉਡੀਕ ਕਰਦੇ ਰਹੇ। ਹਰ ਬੱਸ ’ਚ ਉਨ੍ਹਾਂ ਨੂੰ ਇਕ ਹੀ ਜਵਾਬ ਮਿਲਿਆ ਕਿ ਟ੍ਰਿਬਿਊਨ ਚੌਂਕ ਤੋਂ ਅੱਗੇ ਬੱਸ ਨਹੀਂ ਜਾਵੇਗੀ। ਮੁਸਾਫ਼ਰਾਂ ਨੂੰ ਆਟੋ ਰਿਕਸ਼ਾ ਦੇ ਸਹਾਰੇ ਹੀ ਆਪਣੀ ਮੰਜ਼ਿਲ ਤੱਕ ਪੁੱਜਣਾ ਪਿਆ ਪਰ ਉਨ੍ਹਾਂ ’ਚ ਵੀ ਕਾਫ਼ੀ ਭੀੜ ਸੀ। ਇਹੀ ਕਾਰਨ ਹੈ ਕਿ ਆਟੋ ਲੈਣ ਲਈ ਵੀ ਮੁਸਾਫ਼ਰ ਕਾਫ਼ੀ ਪਰੇਸ਼ਾਨ ਹੋਏ। ਇੱਥੇ ਤੱਕ ਕਿ ਆਟੋ ਰਿਕਸ਼ਾ ਚਾਲਕਾਂ ਨੇ ਮੁਸਾਫ਼ਰਾਂ ਤੋਂ ਮਨਮਰਜ਼ੀ ਦਾ ਕਿਰਾਇਆ ਵੀ ਵਸੂਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦਿਆਂ ਸੀ. ਟੀ. ਯੂ. ਨੇ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਸੀ, ਜਿਸ ਨੂੰ ਬਾਅਦ ’ਚ ਘੱਟ ਕਰ ਦਿੱਤਾ ਸੀ। ਜਿਹੜੇ ਮੁਸਾਫ਼ਰਾਂ ਨੇ ਪਾਸ ਬਣਾਏ ਹੋਏ ਹਨ, ਉਨ੍ਹਾਂ ’ਚ ਜ਼ਿਆਦਾ ਰੋਸ ਹੈ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਇੰਨੇ ਮਹਿੰਗੇ ਪਾਸ ਬਣਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਟੋ ’ਚ ਸਫ਼ਰ ਕਰਨਾ ਪੈ ਰਿਹਾ ਹੈ।
 


Babita

Content Editor

Related News