ਲੱਖਾਂ ਰੁਪਏ ਦੀ ਠੱਗੀ, 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ

Tuesday, Aug 22, 2017 - 05:03 AM (IST)

ਲੱਖਾਂ ਰੁਪਏ ਦੀ ਠੱਗੀ, 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਬੱਧਨੀ ਕਲਾਂ, (ਬੱਬੀ)- ਕੀੜੇਮਾਰ ਦਵਾਈਆਂ ਅਤੇ ਖਾਦ ਦੀ ਦੁਕਾਨ ਕਰਦੇ ਬੱਧਨੀ ਕਲਾਂ ਦੇ ਇਕ ਦੁਕਾਨਦਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਥਾਨਕ ਥਾਣੇ 'ਚ ਐੱਸ. ਐੱਸ. ਪੀ. ਮੋਗਾ ਦੇ ਹੁਕਮਾਂ 'ਤੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੀੜਤ ਵਿਅਕਤੀ ਓਮ ਪ੍ਰਕਾਸ਼ ਪੁੱਤਰ ਧਰਮ ਕਾਂਸ਼ੀ ਵਾਸੀ ਬੱਧਨੀ ਕਲਾਂ ਨੇ ਐੱਸ. ਐੱਸ. ਪੀ. ਮੋਗਾ ਕੋਲ ਬੀਤੇ ਦਿਨੀਂ ਸ਼ਿਕਾਇਤ ਕੀਤੀ ਸੀ ਕਿ ਉਹ ਬੱਧਨੀ ਕਲਾਂ ਵਿਖੇ ਤਾਇਲ ਖਾਦ ਭੰਡਾਰ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਕਰਦਾ ਹੈ ਅਤੇ ਮੇਰੀ ਦੁਕਾਨ 'ਤੇ ਏਵਰ ਗਰੀਨ ਪੈਸਟੀਸਾਈਡਜ਼ ਕੰਪਨੀ ਦਾ ਸੇਲਜ਼ ਮੈਨੇਜਰ ਪ੍ਰੇਮ ਸੂਦ ਕੀੜੇਮਾਰ ਦਵਾਈਆਂ ਦੇ ਆਰਡਰ ਬੁੱਕ ਕਰਨ ਲਈ ਆਉਂਦਾ ਸੀ, ਜਿਸ ਕਰ ਕੇ ਮੇਰੇ ਨਾਲ ਉਸ ਦੀ ਚੰਗੀ ਜਾਣ-ਪਛਾਣ ਹੋ ਗਈ।
ਸਾਲ 2015 'ਚ ਪ੍ਰੇਮ ਸੂਦ ਨੇ ਮੈਨੂੰ ਕਿਹਾ ਕਿ ਮੈਂ ਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਵਾਸੀ ਮਾੜੀ ਮੁਸਤਫਾ ਨਾਲ ਕੀੜੇਮਾਰ ਦਵਾਈਆਂ ਦੀ ਸਾਂਝੀ ਦੁਕਾਨ ਕੀਤੀ ਹੈ। ਇਸ ਲਈ ਤੁਸੀਂ ਮੈਨੂੰ ਆਪਣੀ ਦੁਕਾਨ ਤੋਂ ਵੇਚਣ ਲਈ ਕੀੜੇਮਾਰ ਦਵਾਈਆਂ ਦੇ ਦਿਓ, ਇਨ੍ਹਾਂ ਦਵਾਈਆਂ ਦੇ ਪੈਸੇ ਮੈਂ ਇਕ-ਦੋ ਮਹੀਨਿਆਂ ਤੁਹਾਨੂੰ ਅਦਾ ਕਰ ਦੇਵਾਂਗਾ, ਜਿਸ 'ਤੇ ਮੈਂ ਪ੍ਰੇਮ ਸੂਦ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਕੇ ਉਸ ਨੂੰ 3 ਲੱਖ 82 ਹਜ਼ਾਰ 300 ਰੁਪਏ ਦੀਆਂ ਵੱਖ-ਵੱਖ ਕੀੜੇਮਾਰ ਦਵਾਈਆਂ ਦੇ ਦਿੱਤੀਆਂ। ਪ੍ਰੇਮ ਸੂਦ ਨੇ ਦਵਾਈਆਂ ਦੇ ਬਣੇ ਬਿੱਲ 'ਤੇ ਖੁਦ ਹਸਤਾਖਰ ਵੀ ਕਰ ਦਿੱਤੇ ਅਤੇ ਉਸ ਨੇ ਇਕ ਛੋਟੇ ਹਾਥੀ ਤੇ ਕੀੜੇਮਾਰ ਦਵਾਈਆਂ ਲੱਦ ਕੇ ਪਿੰਡ ਮਾੜੀ ਮੁਸਤਫਾ ਵਿਖੇ ਸਿੱਧੂ ਪੈਸਟਸਾਈਡਜ਼ ਦੀ ਦੁਕਾਨ 'ਤੇ ਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਕੋਲ ਪਹੁੰਚਾ ਦਿੱਤੀਆਂ।
ਇਸ ਸਬੰਧੀ ਦਸੰਬਰ 2015 'ਚ ਮੈਂ ਪ੍ਰੇਮ ਸੂਦ ਤੋਂ ਕੀੜੇਮਾਰ ਦਵਾਈਆਂ ਦੀ ਉਕਤ ਰਕਮ ਜਦੋਂ ਮੰਗੀ ਤਾਂ ਉਸ ਨੇ ਕਿਹਾ ਕਿ ਇਸ ਵਾਰ ਉਗਰਾਹੀ ਨਹੀਂ ਆਈ। ਅਗਲੇ ਸਾਲ 2016 ਦੀ ਹਾੜ੍ਹੀ ਮੌਕੇ ਤੁਹਾਨੂੰ ਸਾਰੀ ਰਕਮ ਅਦਾ ਕਰ ਦਿੱਤੀ ਜਾਵੇਗੀ, ਜਦੋਂ ਮੈਂ 2016 'ਚ ਹਾੜ੍ਹੀ ਦੇ ਸੀਜ਼ਨ ਸਮੇਂ ਉਸ ਨੂੰ ਪੈਸੇ ਦੇਣ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਮੈਂ ਆਖਿਰਕਾਰ ਜਦੋਂ ਪਿੰਡ ਮਾੜੀ ਮੁਸਤਫਾ ਵਿਖੇ ਸਿੱਧੂ ਪੈਸਟੀਸਾਈਡਜ਼ ਦੀ ਦੁਕਾਨ 'ਤੇ ਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਕੋਲ ਗਿਆ ਤਾਂ ਉਨ੍ਹਾਂ ਦੱਸਿਆ ਕਿ ਪ੍ਰੇਮ ਸੂਦ ਉਨ੍ਹਾਂ ਦਾ ਕੋਈ ਹਿੱਸੇਦਾਰ ਨਹੀਂ ਹੈ, 2015 'ਚ ਜੋ ਦਵਾਈਆਂ ਸਾਡੀ ਦੁਕਾਨ 'ਤੇ ਆਈਆਂ ਸਨ, ਉਨ੍ਹਾਂ ਦੇ ਪੈਸੇ ਪ੍ਰੇਮ ਸੂਦ ਉਸ ਸਮੇਂ ਹੀ ਲੈ ਗਿਆ ਸੀ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਮੋਗਾ ਨੇ ਡੀ. ਐੱਸ. ਪੀ. ਨੂੰ ਜਾਂਚ ਕਰਨ ਲਈ ਕਿਹਾ, ਜਿਨ੍ਹਾਂ ਵੱਲੋਂ ਕੀਤੀ ਗਈ ਜਾਂਚ-ਪੜਤਾਲ 'ਚ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਸਾਬਿਤ ਹੋਏ, ਜਿਸ 'ਤੇ ਉਨ੍ਹਾਂ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰਦਿਆਂ ਫਾਈਲ ਵਾਪਸ ਐੱਸ. ਐੱਸ. ਪੀ. ਸਾਹਿਬ ਮੋਗਾ ਨੂੰ ਭੇਜ ਦਿੱਤੀ, ਜਿਸ 'ਤੇ ਅੱਜ ਇਸ ਮਾਮਲੇ 'ਚ ਐੱਸ. ਐੱਸ. ਪੀ. ਮੋਗਾ ਦੇ ਨਿਰਦੇਸ਼ਾਂ 'ਤੇ ਪ੍ਰੇਮ ਰਤਨ ਸੂਦ ਪੁੱਤਰ ਓਮ ਪ੍ਰਕਾਸ਼ ਸੂਦ ਵਾਸੀ ਬਰਨਾਲਾ, ਰਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਦਰਸ਼ਨ ਸਿੰਘ ਪਿੰਡ ਮਾੜੀ ਮੁਸਤਫਾ ਅਤੇ ਜਗਸੀਰ ਸਿੰਘ ਕੇਅਰ ਆਫ ਸਿੱਧੂ ਪੈਸਟੀਸਾਈਡਜ਼ ਪਿੰਡ ਮਾੜੀ ਮੁਸਤਫਾ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਅਜੇ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।


Related News