ਪੰਜਾਬ ਦੇ ਕਿਸਾਨਾਂ ਵੱਲੋਂ 'ਫਸਲੀ ਵੰਨ-ਸੁਵੰਨਤਾ' ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ
Wednesday, May 27, 2020 - 02:14 PM (IST)
ਚੰਡੀਗੜ੍ਹ : ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਵਿਆਪਕ ਪੱਧਰ ’ਤੇ ਆਰੰਭੇ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਕਿਸਾਨਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਸਾਲ 2020 'ਚ ਨਰਮੇ ਦੀ ਕਾਸ਼ਤ ਹੇਠ 12.5 ਲੱਖ ਰਕਬਾ ਲਿਆਉਣ ਦਾ ਟੀਚਾ ਲਗਪਗ ਪੂਰਾ ਹੋਣ ਦੇ ਨੇੜੇ ਹੈ, ਜਦੋਂ ਕਿ ਪਿਛਲੇ ਸਾਲ 9.7 ਲੱਖ ਏਕੜ ਸੀ। ਕਿਸਾਨਾਂ ਨੂੰ ਝੋਨੇ ਦੀ ਥਾਂ ਬਦਲੀਆਂ ਫਸਲਾਂ ਵੱਲ ਮੋੜਨ ਨਾਲ ਸੂਬੇ ਦੇ ਪਾਣੀ ਵਰਗੇ ਬਹੁਮੁੱਲੇ ਕੀਮਤੀ ਵਸੀਲੇ ਨੂੰ ਬਚਾਉਣ, ਜ਼ਮੀਨ ਦੀ ਉਪਜਾਊ ਸ਼ਕਤੀ 'ਚ ਸੁਧਾਰ ਲਿਆਉਣ, ਸਰਦੀਆਂ 'ਚ ਪਰਾਲੀ ਸਾੜਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ, ਜਿਸ ਨਾਲ ਵਾਤਾਵਰਣ 'ਚ ਸੁਧਾਰ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ 'ਚ ਹੁਣ ਤੱਕ 10 ਲੱਖ ਏਕੜ ਤੋਂ ਵੱਧ ਰਕਬੇ 'ਚ ਨਰਮੇ ਦੀ ਬੀਜਾਂਦ ਕੀਤੀ ਜਾ ਚੁੱਕੀ ਹੈ ਅਤੇ ਮਿੱਥਿਆ ਹੋਇਆ ਟੀਚਾ ਬਹੁਤ ਛੇਤੀ ਪੂਰਾ ਕੀਤਾ ਜਾਵੇਗਾ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਵਿਡ-19 ਕਾਰਨ ਕਰਫਿਊ/ਤਾਲਾਬੰਦੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਬੀਟੀ ਕਾਟਨ ਦੇ ਬੀਜ ਅਤੇ ਖਾਦਾਂ ਆਦਿ ਦੇ ਸਮੇਂ ਸਿਰ ਪ੍ਰਬੰਧ ਕਰ ਲਏ ਸਨ, ਜਿਸ ਨਾਲ ਨਰਮੇ ਦੀ ਬੀਜਾਂਦ 'ਚ ਕੋਈ ਰੁਕਾਵਟ ਨਹੀਂ ਆਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆਂ 'ਚ ਨਰਮਾ, ਸਾਉਣੀ ਦੀ ਦੂਜੀ ਵੱਡੀ ਰਵਾਇਤੀ ਫਸਲ ਹੈ, ਜਿਸ ਕਰਕੇ ਸੂਬੇ ਦਾ ਇਹ ਇਲਾਕਾ ‘ਨਰਮਾ ਪੱਟੀ’ ਨਾਲ ਵੀ ਮਸ਼ੂਹਰ ਹੈ।