ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਹਾਈਵੇ ’ਤੇ ਗੱਡੀਆਂ ਲੁੱਟਣ ਵਾਲੇ 3 ਕਾਬੂ

Wednesday, May 03, 2023 - 02:28 AM (IST)

ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਹਾਈਵੇ ’ਤੇ ਗੱਡੀਆਂ ਲੁੱਟਣ ਵਾਲੇ 3 ਕਾਬੂ

ਜਲੰਧਰ (ਸ਼ੋਰੀ)-ਦਿਹਾਤੀ ਪੁਲਸ ਦੀ ਕ੍ਰਾਈਮ ਬ੍ਰਾਂਚ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਹਾਈਵੇ ’ਤੇ ਲੰਬੇ ਸਮੇਂ ਤੋਂ ਬੰਦੂਕ ਦੀ ਨੋਕ ’ਤੇ ਲੋਕਾਂ ਦੀਆਂ ਗੱਡੀਆਂ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਤੇ ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ ਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਅਤੇ ਐੱਸ. ਪੀ. (ਡੀ) ਤਰਸੇਮ ਮਸੀਹ ਦੀ ਟੀਮ ਨੇ ਨੇਠੂਵਾਲਾ ’ਚ ਗਿਰੋਹ ਦੇ 3 ਮੈਂਬਰਾਂ ਕੋਲੋਂ 32 ਬੋਰ ਦਾ ਪਿਸਤੌਲ ਕਾਰਤੂਸਾਂ ਸਮੇਤ ਬਰਾਮਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ 2 ਨੌਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ

ਡੀ. ਐੱਸ. ਪੀ. ਤਰਸੇਮ ਮਸੀਹ ਨੇ ਦੱਸਿਆ ਕਿ 26 ਅਪ੍ਰੈਲ ਨੂੰ ਲੱਕੜੀ ਦਾ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰ. 143, ਮੁਹੱਲਾ ਪਾਰਸ ਅਸਟੇਟ, ਲੈਦਰ ਕੰਪਲੈਕਸ ਨੇੜੇ, ਬਸਤੀ ਬਾਵਾ ਖੇਲ, ਜੋ ਰਾਤ ਕਰੀਬ 9 ਵਜੇ ਆਪਣੀ ਬਲੈਰੋ ਗੱਡੀ ’ਚ ਜੀ. ਟੀ. ਰੋਡ ਪਿੰਡ ਧੋਗੜੀ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਬੰਦੂਕ ਦੀ ਨੋਕ ’ਤੇ ਸੁਖਵਿੰਦਰ ਸਿੰਘ ਦੀ ਕਾਰ, 1,71,000 ਦੀ ਨਕਦੀ ਤੇ ਮੋਬਾਈਲ ਫ਼ੋਨ ਲੁੱਟ ਲਿਆ ਤੇ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਹੋਇਆ ਦਰਦਨਾਕ ਅੰਤ, ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਸੂਏ ’ਚ ਸੁੱਟੀ ਲਾਸ਼

ਇਸ ਸਬੰਧੀ ਆਦਮਪੁਰ ਥਾਣੇ ’ਚ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਤੇ ਆਦਮਪੁਰ ਪੁਲਸ ਨੇ ਸਾਂਝੀ ਮੁਹਿੰਮ ਸ਼ੁਰੂ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਆਗਿਆਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਭਤੀਜਾ ਕਰਤਾਰਪੁਰ, ਜੋ ਨਸ਼ੇ ਦਾ ਆਦੀ ਹੈ, ਤਕਰੀਬਨ 2, 3 ਦਿਨਾਂ ਤੋਂ ਉਸ ਦੇ ਘਰ ਇਕ ਲੁੱਟੀ ਹੋਈ ਬਲੈਰੋ ਕਾਰ, ਜਿਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਖੜ੍ਹੀ ਹੈ। ਉਸ ਦੀ ਗੱਡੀ ’ਚ ਨਾਜਾਇਜ਼ ਅਸਲਾ ਵੀ ਹੈ, ਜਦੋਂ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਤਾਂ ਉਕਤ ਗੱਡੀ ਉਸ ਦੇ ਘਰ ਖੜ੍ਹੀ ਸੀ।

ਦੋਸ਼ੀ ਆਗਿਆਪਾਲ ਪੁਲਸ ਤੋਂ ਬਚਣ ਲਈ ਆਪਣੇ ਘਰ ਦੀ ਛੱਤ ’ਤੇ ਚੜ੍ਹ ਕੇ ਭੱਜਣ ਦੀ ਫਿਰਾਕ ’ਚ ਸੀ, ਜਿਸ ਦੌਰਾਨ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ ਤਾਂ ਉਸ ਦੀ ਲੱਤ ’ਤੇ ਸੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਡੀ. ਐੱਸ. ਪੀ. ਤਰਸੇਮ ਮਸੀਹ ਨੇ ਦੱਸਿਆ ਕਿ ਜਦੋਂ ਪੁਲਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਪੁਲਸ ਜਾਂਚ ’ਚ ਆਪਣੇ ਦੂਜੇ ਸਾਥੀ ਜਸਕੀਰਤ ਸਿੰਘ ਉਰਫ ਜੱਸਾ ਪੁੱਤਰ ਮਨਪਿੰਦਰ ਸਿੰਘ ਵਾਸੀ ਪਿੰਡ ਨੰਗਲ ਮਨੋਹਰ ਥਾਣਾ ਮਕਸੂਦਾਂ ਤੇ ਤੀਜੇ ਸਾਥੀ ਹੈਪੀ ਪੁੱਤਰ ਵਿਜੇ ਕੁਮਾਰ ਵਾਸੀ ਬਲਜੋਤ ਨਗਰ ਵਾਰਡ ਨੰ. 8 ਕਰਤਾਰਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ।

ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਤਿੰਨੋਂ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੋਸ਼ੀ ਅਾਗਿਆਪਾਲ ਕੋਲੋਂ ਪੁਲਸ ਨੇ ਨਾਜਾਇਜ਼ ਤੌਰ ’ਤੇ ਰੱਖਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਾਗਿਆਪਾਲ ਸਿੰਘ ਤੇ ਹੈਪੀ ਨੇ ਮਿਲ ਕੇ ਕਰੀਬ 5 ਮਹੀਨੇ ਪਹਿਲਾਂ ਜਲੰਧਰ ਪਠਾਨਕੋਟ ਰੋਡ ’ਤੇ ਇਕ ਮੋਟਰਸਾਈਕਲ ਲੁੱਟਿਆ ਸੀ। ਉਸ ਨੇ ਉਕਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੀ.ਏ.ਵੀ. ਯੂਨੀਵਰਸਿਟੀ ਪਠਾਨਕੋਟ ਰੋਡ ’ਤੇ ਇਕ ਵਿਦਿਆਰਥੀ ਦੀ ਹਿਮਾਚਲ ਪ੍ਰਦੇਸ਼ ਨੰਬਰ ਦੀ ਆਲਟੋ ਕਾਰ ਵੀ ਲੁੱਟੀ ਸੀ।

ਇਸ ਸਬੰਧੀ ਥਾਣਾ ਮਕਸੂਦਾ ਵਿਖੇ ਕੇਸ ਵੀ ਦਰਜ ਕੀਤਾ ਗਿਆ ਸੀ। ਲੁੱਟਿਆ ਗਿਆ ਮੋਟਰਸਾਈਕਲ ਆਗਿਆਪਾਲ ਨੇ ਹਮੀਰਾ ਨੇੜੇ ਪੰਮੇ ਨਾਮੀ ਵਿਅਕਤੀ ਕੋਲ ਗਿਰਵੀ ਰੱਖਿਆ ਹੈ। ਪਿੰਡ ਕਾਹਲਵਾਂ ਨੇੜੇ ਵਾਪਰੇ ਹਾਦਸੇ ਕਾਰਨ ਨੁਕਸਾਨੀਆਂ ਗਈਆਂ ਦੋਵੇਂ ਕਾਰਾਂ ਉੱਥੇ ਸੜਕ ’ਤੇ ਖੜ੍ਹੀਆਂ ਸਨ। ਪੁਲਸ ਨੇ ਉਕਤ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ਨਾਲ ਗੱਡੀਆਂ ’ਤੇ ਜਾਅਲੀ ਨੰਬਰ ਪਲੇਟਾਂ ਲਾਈਆਂ ਹੋਈਆਂ ਸਨ ਤਾਂ ਗੱਡੀਆਂ ਦਾ ਪਤਾ ਨਾ ਲੱਗ ਸਕੇ। ਇਸ ਸਬੰਧੀ ਪੁਲਸ ਨੇ ਤਿੰਨਾਂ ਖ਼ਿਲਾਫ਼ ਐੱਫ. ਆਈ. ਆਰ. ’ਚ ਧਾਰਾ ਵੀ ਵਧਾ ਦਿੱਤੀ ਹੈ। ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
 


author

Manoj

Content Editor

Related News