ਪਤਨੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਤੀ, ਸੱਸ ਤੇ ਸਹੁਰਾ ਨਾਮਜ਼ਦ
Tuesday, Jul 10, 2018 - 04:46 AM (IST)
ਸਾਹਨੇਵਾਲ(ਜ.ਬ.)-ਆਪਣੀ ਪਤਨੀ ਨੂੰ ਆਤਮਹੱਤਿਆ ਲਈ ਕਥਿਤ ਤੌਰ ’ਤੇ ਮਜਬੂਰ ਕਰਨ ਵਾਲੇ ਪਤੀ ਅਤੇ ਉਸ ਦੇ ਮਾਤਾ-ਪਿਤਾ ਦੇ ਖਿਲਾਫ ਥਾਣਾ ਸਾਹਨੇਵਾਲ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਜਿਸ ਦੇ ਬਾਅਦ ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਕਥਿਤ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਕੁਲਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਭੱਟੋ, ਅਮਲੋਹ, ਫਤਿਹਗਡ਼੍ਹ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕਾ ਪ੍ਰਦੀਪ ਕੌਰ ਦਾ ਵਿਆਹ ਕਮਲਜੀਤ ਸਿੰਘ ਪੁੱਤਰ ਮੇਜਰ ਸਿੰਘ ਨਾਲ 9 ਸਾਲ ਪਹਿਲਾਂ ਕੀਤਾ ਸੀ, ਜਿਨ੍ਹਾਂ ਦੇ ਇਕ 8 ਸਾਲ ਦਾ ਬੇਟਾ ਵੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਜਵਾਈ ਵਿਆਹ ਤੋਂ ਕੁਝ ਸਮੇਂ ਬਾਅਦ ਤੋਂ ਹੀ ਉਸ ਦੀ ਲਡ਼ਕੀ ਨੂੰ ਦਾਜ ਲਈ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਸੀ, ਜਿਸ ਦੇ ਹੋਰ ਅੌਰਤਾਂ ਨਾਲ ਵੀ ਕਥਿਤ ਨਾਜਾਇਜ਼ ਸਬੰਧ ਸਨ। ਜੋ ਅਕਸਰ ਉਨ੍ਹਾਂ ਦੀ ਲਡ਼ਕੀ ਨਾਲ ਕੁੱਟ-ਮਾਰ ਕਰਦਾ ਸੀ। ਬੀਤੀ 8 ਜੁਲਾਈ ਦੀ ਸ਼ਾਮ 4 ਵਜੇ ਉਸ ਨੂੰ ਕਮਲਜੀਤ ਨੇ ਫੋਨ ਕਰ ਕੇ ਕਿਹਾ ਕਿ ਪ੍ਰਦੀਪ ਦਾ ਬੀ.ਪੀ. ਲੋਅ ਹੋ ਗਿਆ ਹੈ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੀ ਲਡ਼ਕੀ ਦੀ ਲਾਸ਼ ਘਰ ਦੇ ਵਿਹਡ਼ੇ ’ਚ ਮੰਜੇ ’ਤੇ ਪਈ ਹੋਈ ਸੀ, ਜਿਸ ਨੂੰ ਉਸ ਦੇ ਪਤੀ ਅਤੇ ਸੱਸ-ਸਹੁਰੇ ਨੇ ਆਤਮਹੱਤਿਆ ਲਈ ਮਜਬੂਰ ਕੀਤਾ ਸੀ। ਜਿਸ ਦੇ ਬਾਅਦ ਹੀ ਉਸ ਨੇ ਕੋਈ ਜ਼ਹਿਰੀਲੀ ਚੀਜ਼ ਕਥਿਤ ਰੂਪ ਨਾਲ ਨਿਗਲ ਕੇ ਆਤਮਹੱਤਿਆ ਕਰ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਪਾਸੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
