2 ਵਿਆਹੁਤਾ ਔਰਤਾਂ ਹੋਈਆਂ ਕੁੱਟ-ਮਾਰ ਦਾ ਸ਼ਿਕਾਰ, ਪਤੀ ਗ੍ਰਿਫਤਾਰ

Saturday, May 05, 2018 - 12:54 AM (IST)

ਅਬੋਹਰ(ਸੁਨੀਲ)—ਬੀਤੇ ਦਿਨੀਂ ਪਿੰਡ ਕੱਲਰਖੇੜਾ ਵਾਸੀ ਇਕ ਵਿਆਹੁਤਾ ਔਰਤ ਨਾਲ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰਨ ਦੇ ਮਾਮਲੇ 'ਚ ਥਾਣਾ ਬਹਾਵਵਾਲਾ ਪੁਲਸ ਨੇ ਪੀੜਤਾ ਦੇ ਸਹੁਰੇ ਪਰਿਵਾਰ 'ਤੇ ਪਰਚਾ ਦਰਜ ਕਰ ਕੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਉੱਪ ਕਪਤਾਨ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸੁਨੀਤਾ ਪੁੱਤਰੀ ਮਾਨਾਰਾਮ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਆਪਣੇ ਪੁੱਤਰ ਸਮੇਤ ਸਹੁਰੇ ਘਰ ਪਿੰਡ ਅਮਰਪੁਰਾ ਵਿਚ ਗਈ ਤਾਂ ਘਰੇਲੂ ਝਗੜੇ ਕਾਰਨ ਉਸਦੇ ਪਤੀ ਮਹਿੰਦਰ ਕੁਮਾਰ ਪੁੱਤਰ ਮਹਾਵੀਰ, ਸਹੁਰੇ ਮਹਾਵੀਰ ਅਤੇ ਸੱਸ ਚਾਵਲੀ ਨੇ ਉਸ ਨੂੰ ਕੁੱਟ-ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਨੀਤਾ ਦੇ ਬਿਆਨ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਕੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਪਿੰਡ ਅਮਰਪੁਰਾ ਵਾਸੀ ਵਿਆਹੁਤਾ ਔਰਤ ਨਾਲ ਉਸਦੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪਿੰਡ ਢੀਂਗਾਵਾਲੀ ਵਾਸੀ ਇਕ ਨਵਵਿਆਹੁਤਾ ਔਰਤ ਨਾਲ ਉਸਦੇ ਸਹੁਰਿਆਂ ਵੱਲੋਂ ਦਾਜ ਦੀ ਖਾਤਰ ਕੁੱਟ-ਮਾਰ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਪਿੰਡ ਢੀਂਗਾਵਾਲੀ ਵਾਸੀ ਮੰਜੂ ਵਾਲੀਆ ਦੇ ਭਰਾ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਕਰੀਬ ਦੋ ਮਹੀਨੇ ਪਹਿਲਾਂ ਪਿੰਡ ਸ਼ੇਰਗੜ੍ਹ ਵਾਸੀ ਮੋਹਨ ਲਾਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸਦੇ ਪਤੀ ਨੂੰ ਛੱਡ ਕੇ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਹੋਰ ਦਾਜ ਲਿਆਉਣ ਲਈ ਉਸ ਨਾਲ ਕੁੱਟ-ਮਾਰ ਕਰਨ ਲੱਗ ਪਏ। ਅੱਜ ਤੜਕੇ ਉਸਦੀ ਭੈਣ ਨੇ ਫੋਨ ਕਰ ਕੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਕੁੱਟ-ਮਾਰ ਕਰ ਰਿਹਾ ਹੈ। ਜਦ ਉਹ ਆਪਣੀ ਭੈਣ ਨੂੰ ਲੈਣ ਉਸਦੇ ਸਹੁਰੇ ਘਰ ਗਿਆ ਤਾਂ ਉਹ ਉਸਦੀ ਭੈਣ ਨੂੰ ਕੁੱਟ ਰਹੇ ਸਨ। ਇਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਉਕਤ ਲੋਕਾਂ ਦੇ ਚੁੰਗਲ 'ਚੋਂ ਛੁਡਵਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਗਿਆ। ਉਸ ਨੇ ਆਪਣੀ ਭੈਣ ਦੇ ਸਹੁਰੇ ਪਰਿਵਾਰ 'ਤੇ ਉਸਦੀ ਭੈਣ ਨੂੰ ਜਾਨੋਂ ਮਾਰਨ ਦੇ ਦੋਸ਼ ਲਾਏ ਹਨ। ਹਸਪਤਾਲ 'ਚ ਮੌਜੂਦ ਪੀੜਤਾ ਦੇ ਪਤੀ ਮੋਹਨ ਲਾਲ ਨੇ ਦੱਸਿਆ ਕਿ ਉਸਦੇ ਪਰਿਵਾਰ ਵਾਲੇ ਲਾਲਚੀ ਕਿਸਮ ਦੇ ਹਨ, ਜਿਸ ਕਾਰਨ ਆਏ ਦਿਨ ਉਹ ਉਸਦੀ ਪਤਨੀ ਨਾਲ ਕੁੱਟ-ਮਾਰ ਕਰਦੇ ਹਨ। ਇਸ ਸਬੰਧ ਵਿਚ ਉਹ ਇਸਦੀ ਸ਼ਿਕਾਇਤ ਪੁਲਸ ਨੂੰ ਵੀ ਭੇਜ ਚੁੱਕਾ ਹੈ।  


Related News