ਕੁੜੀ ਵਾਲਿਆਂ ਨੇ ਆਸ਼ਕ ਦੀ ਕੀਤੀ ਛਿੱਤਰ-ਪਰੇਡ
Friday, Apr 20, 2018 - 04:03 AM (IST)

ਬਠਿੰਡਾ(ਬਲਵਿੰਦਰ)-ਅੱਜ ਇਥੇ ਕੁੜੀ ਵਾਲਿਆਂ ਨੇ ਇਕ ਆਸ਼ਕ ਦੀ ਛਿੱਤਰ-ਪਰੇਡ ਕਰ ਦਿੱਤੀ, ਜੋ ਕੁੜੀ ਨੂੰ ਘੁਮਾਉਣ ਲਈ ਬਠਿੰਡਾ ਲਿਆਇਆ ਸੀ। ਜਿਹੜਾ ਦੋਸਤ ਉਸਨੂੰ ਆਪਣੀ ਕਾਰ 'ਚ ਲੈ ਕੇ ਆਇਆ, ਉਸਨੇ ਹੀ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ। ਫਿਲਹਾਲ ਆਸ਼ਕ ਪੁਲਸ ਕੋਲ ਹੈ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ। ਹੋਇਆ ਇੰਝ ਕਿ ਮਲੋਟ ਦੇ ਪਰਮਜੀਤ ਸਿੰਘ ਦੇ ਇਕ ਲੜਕੀ ਨਾਲ ਪ੍ਰੇਮ ਸਬੰਧ ਹਨ। ਅੱਜ ਲੜਕੀ ਨੂੰ ਘੁਮਾਉਣ ਖਾਤਰ ਉਹ ਇਕ ਦੋਸਤ ਦੀ ਕਾਰ ਵਿਚ ਬਠਿੰਡਾ ਲੈ ਕੇ ਆਇਆ ਸੀ। ਦੋਸਤ ਨੇ ਵੀ ਮੌਕੇ ਦਾ ਫਾਇਦਾ ਉਠਾਉਂਦਿਆਂ ਉਸ ਤੋਂ 15000 ਰੁਪਏ ਵਸੂਲ ਕੀਤੇ। ਦੂਜੇ ਪਾਸੇ ਉਕਤ ਦੋਸਤ ਨੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਲੜਕੀ ਵਾਲੇ ਕੁਝ ਬੰਦੇ ਲੈ ਕੇ ਬਠਿੰਡਾ ਪਹੁੰਚ ਗਏ, ਜਿਨ੍ਹਾਂ ਕਚਹਿਰੀ ਨੇੜੇ ਦੋਵਾਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਪਰਮਜੀਤ ਸਿੰਘ ਦੀ ਛਿੱਤਰ-ਪਰੇਡ ਕੀਤੀ ਗਈ। ਉਨ੍ਹਾਂ ਲੜਕੇ ਨੂੰ ਕਚਹਿਰੀ ਚੌਕੀ ਪੁਲਸ ਹਵਾਲੇ ਕਰ ਦਿੱਤਾ ਅਤੇ ਲੜਕੀ ਨੂੰ ਆਪਣੇ ਨਾਲ ਲੈ ਕੇ ਵਾਪਸ ਮਲੋਟ ਪਰਤ ਗਏ।