ਕਾਰ ''ਚੋਂ ਨਕਦੀ ਵਾਲਾ ਲਿਫਾਫਾ ਚੁੱਕ ਕੇ ਫਰਾਰ ਹੋਏ ਨੌਸਰਬਾਜ਼

Thursday, Feb 01, 2018 - 06:51 AM (IST)

ਕਾਰ ''ਚੋਂ ਨਕਦੀ ਵਾਲਾ ਲਿਫਾਫਾ ਚੁੱਕ ਕੇ ਫਰਾਰ ਹੋਏ ਨੌਸਰਬਾਜ਼

ਜਲੰਧਰ(ਪ੍ਰੀਤ)- ਫਗਵਾੜਾ ਤੋਂ ਪੇਮੈਂਟ ਲੈ ਕੇ ਵਾਪਸ ਸਬਜ਼ੀ ਮੰਡੀ ਮਕਸੂਦਾਂ ਜਾ ਰਹੇ ਆੜ੍ਹਤੀ ਕੋਲੋਂ ਸਰਬ ਮਲਟੀਪਲੈਕਸ ਨੇੜੇ ਮੋਟਰਸਾਈਕਲ ਸਵਾਰ ਨੌਸਰਬਾਜ਼ ਧੋਖੇ ਨਾਲ 1.55 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਥਾਣਾ ਨੰਬਰ 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਸਬਜ਼ੀ ਮੰਡੀ ਮਕਸੂਦਾਂ ਵਿਚ ਸਥਿਤ ਸਤਿ ਕਰਤਾਰ ਵੈਜੀਟੇਬਲ ਕੰਪਨੀ ਦੇ ਮਾਲਕ ਲਲਿਤ ਸਿੱਕਾ ਨੇ ਦੱਸਿਆ ਕਿ ਅੱਜ ਉਹ ਆਪਣੇ ਦੋਸਤ ਨਰਿੰਦਰ ਦੇ ਨਾਲ ਫਗਵਾੜਾ ਪੇਮੈਂਟ ਲੈਣ ਗਏ ਸਨ। ਫਗਵਾੜਾ ਮੰਡੀ ਦੇ ਰਾਜ ਕੁਮਾਰ ਐਂਡ ਸਨਜ਼ ਕੋਲੋਂ 1 ਲੱਖ 55 ਹਜ਼ਾਰ 755 ਰੁਪਏ ਲੈ ਕੇ ਉਹ ਵਾਪਸ ਜਲੰਧਰ ਆਏ। ਉਹ ਆਪਣੀ ਡਸਟਰ ਗੱਡੀ ਵਿਚ ਸਵਾਰ ਸਨ। ਸਰਬ ਮਲਟੀਪਲੈਕਸ ਕੋਲ ਪਿੱਛਿਓਂ ਆਏ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਕੋਲ ਆ ਕੇ ਇਸ਼ਾਰਾ ਕੀਤਾ ਕਿ ਗੱਡੀ ਦਾ ਆਇਲ ਲੀਕ  ਕਰ  ਰਿਹਾ ਹੈ। ਲਲਿਤ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਇਗਨੋਰ ਕੀਤਾ ਪਰ ਉਸੇ ਵੇਲੇ ਉਹ ਨੌਜਵਾਨ ਦੁਬਾਰਾ ਉਨ੍ਹਾਂ ਦੀ ਗੱਡੀ ਦੇ ਮੋਹਰੇ ਆ ਗਏ। ਦੁਬਾਰਾ ਇਸ਼ਾਰਾ ਕਰਨ 'ਤੇ ਉਹ ਰੁਕ  ਗਏ। ਲਲਿਤ ਨੇ ਦੱਸਿਆ ਕਿ ਪੈਸਿਆਂ ਵਾਲਾ ਲਿਫਾਫਾ ਉਨ੍ਹਾਂ ਦੇ ਦੋਸਤ ਨਰਿੰਦਰ ਦੇ ਹੱਥਾਂ ਵਿਚ ਫੜਿਆ ਹੋਇਆ ਸੀ।  ਉਹ ਗੱਡੀ 'ਚੋਂ ਉਤਰੇ ਤਾਂ ਵੇਖਿਆ ਕਿ ਗੱਡੀ ਦੇ ਬੰਪਰ 'ਤੇ ਆਇਲ ਡਿਗਿਆ ਹੋਇਆ ਸੀ। ਜਦੋਂ ਚੈੱਕ ਕੀਤਾ ਤਾਂ ਕਿਤੇ ਵੀ ਲੀਕੇਜ ਨਹੀਂ ਸੀ। ਉਨ੍ਹਾਂ ਸਾਫ ਕੀਤਾ ਤੇ ਦੁਬਾਰਾ ਗੱਡੀ ਵਿਚ ਬੈਠੇ। ਜਿਵੇਂ ਹੀ ਉਨ੍ਹਾਂ ਸੈਲਫ ਮਾਰੀ ਤਾਂ ਗੱਡੀ ਦੇ ਬਲੋਅਰ ਵਿਚੋਂ ਜ਼ਹਿਰੀਲੀ ਗੈਸ ਨਿਕਲੀ। ਉਨ੍ਹਾਂ ਦਾ ਸਾਹ ਰੁਕ ਗਿਆ ਤੇ ਉਹ ਤੁਰੰਤ ਗੱਡੀ ਵਿਚੋਂ ਉਤਰੇ। ਉਨ੍ਹਾਂ ਦੁਬਾਰਾ ਗੱਡੀ ਦਾ ਬੋਨਟ ਖੋਲ੍ਹਿਆ ਤੇ ਚੈੱਕ ਕਰਨ ਲੱਗੇ। ਉਹ ਆਪਸ ਵਿਚ ਗੱਲਾਂ ਕਰ ਰਹੇ ਸਨ ਕਿ ਉਹ ਗੱਡੀ ਕੰਪਨੀ ਤੋਂ ਚੈੱਕ ਕਰਵਾ ਆਉਂਦੇ ਹਨ ਪਰ ਉਸੇ ਵੇਲੇ ਇਕ ਵਿਅਕਤੀ ਨੇ ਆਵਾਜ਼ ਦਿੱਤੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਗੱਡੀ ਵਿਚੋਂ ਲਿਫਾਫਾ ਚੁੱਕ ਕੇ  ਫਰਾਰ ਹੋ ਗਏ ਹਨ। ਉਨ੍ਹਾਂ ਰੌਲਾ ਪਾਇਆ ਪਰ ਲੁਟੇਰੇ ਭੱਜ ਚੁੱਕੇ ਸਨ। ਉਨ੍ਹਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਇੰਸਪੈਕਟਰ ਨਵਦੀਪ ਸਿੰਘ ਫੋਕਲ ਪੁਆਇੰਟ, ਇੰਚਾਰਜ ਸੰਜੀਵ ਕੁਮਾਰ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਲਲਿਤ ਮੁਤਾਬਿਕ ਜਦੋਂ ਉਹ ਪਹਿਲੀ ਵਾਰ ਗੱਡੀ ਵਿਚੋਂ ਉਤਰੇ ਤਾਂ ਸ਼ਾਇਦ ਨੌਜਵਾਨਾਂ ਨੇ ਪਹਿਲਾਂ ਹੀ ਗੱਡੀ ਵਿਚ ਕੁਝ ਸਪਰੇਅ ਕੀਤਾ। ਜਿਸ ਕਾਰਨ ਦੁਬਾਰਾ ਉਨ੍ਹਾਂ ਨੂੰ ਉਤਰਨਾ ਪਿਆ। 
ਮਾਮਲਾ ਸ਼ੱਕੀ, ਜਾਂਚ ਤੋਂ ਬਾਅਦ ਕਰਾਂਗੇ ਕਾਰਵਾਈ : ਚੌਕੀ ਇੰਚਾਰਜ
ਥਾਣਾ ਨੰਬਰ 8 ਦੀ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਸੂਰੀ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ ਕਿਉਂਕਿ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ 'ਤੇ ਪਹੁੰਚੇ। ਪੀੜਤ ਵਿਅਕਤੀ ਨੇ ਘਟਨਾ ਦੀ ਜਾਣਕਾਰੀ ਦਿੱਤੀ, ਪਰ ਮੌਕੇ 'ਤੇ ਫਿਲਹਾਲ ਕੁਝ ਵੀ ਵੈਰੀਫਾਈ ਨਹੀਂ ਹੋ ਸਕਿਆ। ਨਾ ਤਾਂ ਕਿਸੇ ਨੇ ਪੈਸੇ ਲੈ ਕੇ ਕਿਸੇ ਨੂੰ ਭੱਜਦੇ ਵੇਖਿਆ ਤੇ ਨਾ ਹੀ ਕਿਸੇ ਨੇ ਰੌਲਾ ਪਾਇਆ। ਨਾਲ ਹੀ ਸਥਿਤ ਠੇਕੇ ਦੇ ਕਰਿੰਦਿਆਂ ਨੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਚੌਕੀ ਇੰਚਾਰਜ ਸੰਜੀਵ ਸੂਰੀ ਨੇ ਦੱਸਿਆ ਕਿ ਪੁਲਸ ਨੇ ਰੋਡ 'ਤੇ ਲੱਗੇ ਕੈਮਰੇ ਵੀ ਚੈੱਕ ਕਰਵਾਏ ਹਨ। ਜਿੱਥੋਂ ਗੱਡੀ ਤਾਂ ਨਿਕਲੀ ਪਰ ਕੋਈ ਸ਼ੱਕੀ ਮੋਟਰਸਾਈਕਲ ਸਵਾਰ ਉਥੋਂ ਨਹੀਂ ਲੰਘੇ। ਫਿਲਹਾਲ ਦੱਸੇ ਜਾ ਰਹੇ ਤੱਥ ਵੈਰੀਫਾਈ ਨਹੀਂ ਹੋ ਸਕੇ ਹਨ। ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। 
ਪੁਲਸ ਦੀਆਂ 'ਅੱਖਾਂ' ਖਰਾਬ
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਮੌਕੇ 'ਤੇ ਬਿਲਕੁਲ ਉੱਪਰ ਫਲਾਈਓਵਰ ਦੀ ਕੰਧ ਦੇ ਨਾਲ ਸੀ. ਸੀ. ਟੀ.ਵੀ. ਕੈਮਰਾ ਲੱਗਾ ਹੋਇਆ ਸੀ ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਪਤਾ ਲੱਗਾ ਕਿ ਕੈਮਰਾ ਪ੍ਰਾਈਵੇਟ ਨਹੀਂ, ਸਗੋਂ ਸਰਕਾਰੀ ਹੈ ਤੇ ਕਾਫੀ ਸਮੇਂ ਤੋਂ ਖਰਾਬ ਹੈ। ਜ਼ਿਕਰਯੋਗ ਹੈ ਕਿ ਕਰੀਬ 2 ਸਾਲ ਪਹਿਲਾਂ ਕਮਿਸ਼ਨਰੇਟ ਪੁਲਸ ਨੇ ਪ੍ਰਾਜੈਕਟ 'ਆਂਖੇ' ਦੇ ਤਹਿਤ ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਸਨ, ਤਾਂ ਜੋ ਅਪਰਾਧੀ ਫ਼ੜੇ ਜਾ ਸਕਣ ਪਰ ਹੁਣ ਪੁਲਸ ਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਹਨ। 


Related News