ਚੋਰਾਂ ਨੇ ਡੀ. ਸੀ. ਦੇ ਮਿੰਨੀ ਹਾਲ ''ਚ ਕੀਤੀ ਚੋਰੀ

Tuesday, Jan 30, 2018 - 02:07 AM (IST)

ਚੋਰਾਂ ਨੇ ਡੀ. ਸੀ. ਦੇ ਮਿੰਨੀ ਹਾਲ ''ਚ ਕੀਤੀ ਚੋਰੀ

ਫਿਰੋਜ਼ਪੁਰ(ਕੁਮਾਰ)-ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਡਿਪਟੀ ਕਮਿਸ਼ਨਰ ਦੇ ਮਿੰਨੀ ਮੀਟਿੰਗ ਹਾਲ 'ਚੋਂ ਚੋਰ ਇਕ ਐੱਲ. ਈ. ਡੀ. ਤੇ ਹੋਰ ਸਾਮਾਨ ਅਤੇ ਸਿਵਲ ਸਰਜਨ ਦਫਤਰ ਕੋਲ ਲਾਈ ਜਾਣ ਵਾਲੀ ਲਿਫਟ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਤੇ ਬਦਨਾਮੀ ਤੋਂ ਡਰਦੇ ਅਧਿਕਾਰੀ ਘਟਨਾ ਨੂੰ ਰਫਾ-ਦਫਾ ਕਰਨ 'ਚ ਲੱਗੇ ਹੋਏ ਹਨ ਪਰ ਕੁਝ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਨੇ ਕੁਝ ਦਫਤਰੀ ਕਰਮਚਾਰੀਆਂ ਦੇ ਬਿਆਨ ਰਿਕਾਰਡ ਕਰ ਲਏ ਹਨ। ਜ਼ਿਲਾ ਫਿਰੋਜ਼ਪੁਰ 'ਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਤੌਰ 'ਤੇ ਹੁਕਮ ਜਾਰੀ ਕਰਨ ਵਾਲੇ ਜ਼ਿਲਾ ਮੈਜਿਸਟ੍ਰੇਟ ਫਿਰੋਜ਼ਪੁਰ ਦੇ ਮਿੰਨੀ ਮੀਟਿੰਗ ਹਾਲ 'ਚੋਂ ਚੋਰੀ ਹੋਣ ਦੀ ਇਸ ਘਟਨਾ ਨੇ ਫਿਰੋਜ਼ਪੁਰ 'ਚ ਚੋਰਾਂ ਦੇ ਵਧਦੇ ਹੌਸਲੇ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਚੋਰੀ ਦੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਉਥੇ ਪਹੁੰਚ ਗਈ। ਜਾਣਕਾਰੀ ਅਨੁਸਾਰ ਚੋਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਪਿਛਲੇ ਵਾਲੇ ਹਿੱਸੇ ਤੋਂ ਅੰਦਰ ਦਾਖਲ ਹੋਏ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਵਾਲੇ ਏਰੀਆ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਦਕਿ ਪਿਛਲੇ ਏਰੀਆ 'ਚ ਲੱਗੇ ਕੈਮਰਿਆਂ ਤੋਂ ਬਚ ਕੇ ਅੰਦਰ ਜਾਇਆ ਜਾ ਸਕਦਾ ਹੈ। 
ਏਜੰਸੀਆਂ ਨੇ ਇਸ ਚੋਰੀ ਸਬੰਧੀ ਰਿਪੋਰਟ ਸਰਕਾਰ ਨੂੰ ਭੇਜੀ 
ਇਸ ਘਟਨਾ ਸਬੰਧੀ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਜਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਮਵੀਰ ਤੋਂ ਪੱਖ ਜਾਣਨ ਤੇ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਪੱਤਰਕਾਰ ਉਨ੍ਹਾਂ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਇਕ ਘੰਟੇ ਤੱਕ ਦੱਸਾਂਗੇ ਪਰ ਦੇਰ ਸ਼ਾਮ ਤੱਕ ਉਨ੍ਹਾਂ ਇਸ ਘਟਨਾ ਸਬੰਧੀ ਕੁਝ ਨਹੀਂ ਦੱਸਿਆ, ਜਿਸ ਕਾਰਨ 4ਚੋਰੀ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ, ਜਦਕਿ ਏਜੰਸੀਆਂ ਨੇ ਇਸ ਚੋਰੀ ਸਬੰਧੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। 
ਕੀ ਕਹਿਣਾ ਹੈ ਥਾਣਾ ਛਾਉਣੀ ਦੇ ਐੱਸ. ਐੱਚ. ਓ. 
ਸੰਪਰਕ ਕਰਨ 'ਤੇ ਥਾਣਾ ਫਿਰੋਜ਼ਪੁਰ ਛਾਉਣੀ ਦੇ ਐੱਸ. ਐੱਚ. ਓ. ਨਵੀਨ ਕੁਮਾਰ ਨੇ ਕਿਹਾ ਕਿ ਅਜਿਹੀ ਚੋਰੀ ਦੀ ਘਟਨਾ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਲਿਖਤੀ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਮੋਰਚੇ ਨੇ ਡੀ. ਸੀ. ਫਿਰੋਜ਼ਪੁਰ ਨੂੰ ਅੱਜ ਮੰਗ-ਪੱਤਰ ਦਿੱਤਾ ਸੀ। ਇਸ ਲਈ ਡੀ. ਸੀ. ਦਫਤਰ ਫਿਰੋਜ਼ਪੁਰ 'ਚ ਪੁਲਸ ਫੋਰਸ ਭੇਜੀ ਗਈ ਸੀ। 
ਸਾਬਕਾ ਵਿਧਾਇਕ ਦੀ ਜੇਬ 'ਚੋਂ ਚੋਰਾਂ ਨੇ ਛਾਉਣੀ ਦੇ ਸ਼ਮਸ਼ਾਨਘਾਟ 'ਚ ਪਰਸ ਕੱਢ ਲਿਆ  
ਫਿਰੋਜ਼ਪੁਰ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਬੀਤੀ ਦੁਪਹਿਰ ਫਿਰੋਜ਼ਪੁਰ ਛਾਉਣੀ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ 'ਤੇ ਗਏ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਤੇ ਜ਼ਿਲਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਗੁਰਨੈਬ ਸਿੰਘ ਬਰਾੜ ਦੀ ਜੇਬ 'ਚੋਂ ਚੋਰ ਪਰਸ ਕੱਢ ਕੇ ਲੈ ਗਏ। ਸ਼੍ਰੀ ਬਰਾੜ ਨੇ ਦੱਸਿਆ ਕਿ ਸੰਸਕਾਰ ਤੋਂ ਪਹਿਲਾਂ ਜਿਵੇਂ ਹੀ ਅਰਦਾਸ ਹੋਈ ਤਾਂ ਉਨ੍ਹਾਂ ਦੇਖਿਆ ਕਿ ਜੇਬ 'ਚ ਉਨ੍ਹਾਂ ਦਾ ਪਰਸ ਨਹੀਂ ਸੀ। 


Related News