2 ਧਿਰਾਂ ''ਚ ਖੂਨੀ ਝੜਪ, 3 ਜ਼ਖਮੀ
Sunday, Dec 03, 2017 - 03:15 AM (IST)
ਰਾਮਪੁਰਾ ਫੂਲ(ਰਜਨੀਸ਼)-ਭਾਈਰੂਪਾ ਵਿਖੇ 2 ਧਿਰਾਂ ਵਿਚਕਾਰ ਜ਼ਮੀਨੀ ਝਗੜੇ ਦੌਰਾਨ ਅੱਜ ਬਾਅਦ ਦੁਪਹਿਰ ਇਕ ਧਿਰ ਵੱਲੋਂ ਕੀਤੀ ਗਈ ਫਾਇਰਿੰਗ 'ਚ ਦੂਜੀ ਧਿਰ ਦੇ 3 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਰਘੁਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਦੇ ਹੀ ਰਣਜੀਤ ਸਿੰਘ ਨੰਬਰਦਾਰ ਨਾਲ ਪਿਛਲੇ ਲੰਮੇ ਸਮੇਂ ਤੋਂ 4 ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਉਕਤ ਮਾਮਲਾ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਸੀ। ਇਸ ਦੌਰਾਨ ਲਗਭਗ 6 ਮਹੀਨੇ ਪਹਿਲਾਂ ਹੋਏ ਇਕ ਪੰਚਾਇਤੀ ਰਾਜ਼ੀਨਾਮੇ ਵਿਚ ਦੋਵਾਂ ਧਿਰਾਂ ਵੱਲੋਂ ਅਦਾਲਤ ਦਾ ਫੈਸਲਾ ਆਉਣ ਤੱਕ ਦੋ-ਦੋ ਕਨਾਲਾਂ ਜ਼ਮੀਨ 'ਤੇ ਵਾਹੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੱਜ ਸ਼ਾਮ 4. 30 ਵਜੇ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸ ਦੀ ਜ਼ਮੀਨ ਵਿਚ ਬੀਜੀ ਹੋਈ ਕਣਕ ਦੀ ਫਸਲ ਵਾਹ ਦਿੱਤੀ। ਇਸ ਦੀ ਜਾਣਕਾਰੀ ਮਿਲਣ 'ਤੇ ਜਦ ਉਹ ਖੇਤ ਪਹੁੰਚਿਆ ਤਾਂ ਅੱਗਿਓਂ ਰਣਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਸ ਦਾ ਪਤਾ ਲਗਦਿਆਂ ਹੀ ਉਸ (ਰਘੁਵੀਰ ਸਿੰਘ) ਦੇ ਭਤੀਜੇ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਰਣਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਿਸ ਕਾਰਨ ਉਸ ਦੇ ਭਤੀਜੇ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਜਗਜੀਵਨ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਨੈਬ ਸਿੰਘ ਜ਼ਖਮੀ ਹੋ ਗਏ। ਥਾਣਾ ਫੂਲ ਦੇ ਮੁਖੀ ਜਸਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ।
