ਸ਼ਰਾਬ ਦੇ ਠੇਕੇਦਾਰ ਦੀ ਕਾਰ ''ਤੇ ਹਮਲਾ ; 1.86 ਲੱਖ ਰੁਪਏ ਲੁੱਟੇ
Sunday, Oct 08, 2017 - 06:58 AM (IST)
ਧੂਰੀ(ਸੰਜੀਵ ਜੈਨ)- ਸ਼ਰਾਬ ਸਮੱਗਲਰਾਂ ਵੱਲੋਂ ਸ਼ਰਾਬ ਦੇ ਠੇਕੇਦਾਰ ਦੀ ਗੱਡੀ 'ਤੇ ਹਮਲਾ ਕਰ ਕੇ 1 ਲੱਖ 86 ਹਜ਼ਾਰ 500 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਸ ਨੇ 3 ਔਰਤਾਂ ਸਣੇ ਕੁੱਲ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਧੂਰੀ ਵਿਖੇ ਦਰਜ ਕੀਤੇ ਗਏ ਮਾਮਲੇ ਅਨੁਸਾਰ ਲੰਘੀ 5 ਅਕਤੂਬਰ ਦੀ ਸ਼ਾਮ ਨੂੰ ਸ਼ਰਾਬ ਠੇਕੇਦਾਰ ਦਾ ਕਰਿੰਦਾ ਤੇਜਿੰਦਰ ਸਿੰਘ ਆਪਣੇ ਸਾਥੀ ਦੇਵਰਾਜ ਅਤੇ ਮੁਹੰਮਦ ਯੂਸਬ ਨਾਲ ਆਪਣੇ ਠੇਕਿਆਂ ਤੋਂ ਕੁਲੈਕਸ਼ਨ ਕਰ ਕੇ ਸ਼ਹਿਰ ਨੂੰ ਪਰਤ ਰਿਹਾ ਸੀ। ਜਦੋਂ ਉਕਤ ਤਿੰਨੇ ਸ਼ਾਮ ਨੂੰ ਕਰੀਬ ਸਾਢੇ 7 ਵਜੇ ਸਵਿਫਟ ਕਾਰ ਵਿਚ ਸ਼ੇਰਪੁਰ ਚੌਕ ਤੋਂ ਕੁਲੈਕਸ਼ਨ ਕਰਦੇ ਹੋਏ ਬੱਸ ਸਟੈਂਡ ਵੱਲ ਨੂੰ ਜਾ ਰਹੇ ਸਨ ਤਾਂ ਥੋੜ੍ਹਾ ਜਿਹਾ ਅੱਗੇ ਉਨ੍ਹਾਂ ਦੀ ਕਾਰ ਨੂੰ 3 ਨੌਜਵਾਨਾਂ ਅਤੇ 3 ਔਰਤਾਂ ਨੇ ਘੇਰ ਲਿਆ ਅਤੇ ਇੱਟਾਂ ਮਾਰਕੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਮੁਲਜ਼ਮ ਕਰਮਜੀਤ ਸਿੰਘ ਉਰਫ ਬਚੀ ਨੇ ਆਪਣੇ ਹੱਥ ਵਿਚ ਫੜੇ ਇਕ ਤੇਜ਼ਧਾਰ ਹਥਿਆਰ ਨਾਲ ਕਾਰ 'ਚ ਬੈਠੇ ਵਿਅਕਤੀਆਂ 'ਤੇ ਵਾਰ ਕੀਤਾ ਪਰ ਪੀੜਤ ਕਾਰ 'ਚ ਬੈਠੇ ਹੋਣ ਕਾਰਨ ਬਚ ਗਏ।
ਇੰਨੇ ਵਿਚ ਹੀ ਕਰਮਜੀਤ ਬਚੀ ਨੇ ਕਾਰ ਵਿਚ ਬੈਠੇ ਦੇਵਰਾਜ ਦੇ ਹੱਥੋਂ ਕੈਸ਼ ਵਾਲਾ ਬੈਗ ਖੋਹ ਲਿਆ। ਜਦੋਂ ਪੀੜਤਾਂ ਨੇ ਕਾਰ ਵਿਚੋਂ ਉਤਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰਦੇ ਹੋਏ ਹਥਿਆਰਾਂ ਸਣੇ ਕੈਸ਼ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਪੀੜਤਾਂ ਦੇ ਅਨੁਸਾਰ ਉਸ ਬੈਗ ਵਿਚ 1 ਲੱਖ 86 ਹਜ਼ਾਰ 500 ਰੁਪਏ ਸਨ।
3 ਔਰਤਾਂ ਸਣੇ 6 ਖਿਲਾਫ ਮਾਮਲਾ ਦਰਜ
ਪੀੜਤ ਠੇਕੇਦਾਰ ਦੇ ਕਰਿੰਦਿਆਂ ਦੇ ਮੁਤਾਬਕ ਉਕਤ ਦੋਸ਼ੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦੇ ਪਰਚੇ ਦਰਜ ਹਨ। ਇਸ ਹਮਲੇ ਦੌਰਾਨ ਤੇਜਿੰਦਰ ਸਿੰਘ ਦੇ ਕੁਝ ਸੱਟਾਂ ਵੀ ਲੱਗੀਆਂ ਹਨ। ਪੁਲਸ ਵੱਲੋਂ ਤੇਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੋਲੀ ਰਾਮ ਪੁੱਤਰ ਅਰਜਨ ਸਿੰਘ, ਉਸ ਦੀ ਪਤਨੀ ਰੋਡੀ ਅਤੇ ਦੋਵੇਂ ਪੁੱਤਰਾਂ ਕਰਮਜੀਤ ਸਿੰਘ ਉਰਫ ਬਚੀ ਅਤੇ ਰਾਜੂ ਸਿੰਘ ਵਾਸੀ ਧੂਰੀ ਸਣੇ 2 ਹੋਰ ਅਣਪਛਾਤੀਆਂ ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
