ਵਿਅਕਤੀ ਦੀ ਕੁੱਟਮਾਰ ਦੇ ਰੋਸ ''ਚ ਥਾਣੇ ਅੱਗੇ ਹੰਗਾਮਾ

10/08/2017 5:30:36 AM

ਤਪਾ ਮੰਡੀ(ਸ਼ਾਮ, ਗਰਗ, ਮੇਸ਼ੀ)— ਬੀਤੀ ਰਾਤ ਇਕ ਵਿਅਕਤੀ ਦੀ ਹੋਈ ਕੁੱਟਮਾਰ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪਤਵੰਤਿਆਂ ਦੇ ਸਹਿਯੋਗ ਨਾਲ ਥਾਣੇ ਸਾਹਮਣੇ ਬਰਨਾਲਾ-ਬਠਿੰਡਾ ਮੁੱਖ ਮਾਰਗ ਜਾਮ ਕਰ ਦਿੱਤਾ ਤੇ ਪੁਲਸ ਪ੍ਰਸ਼ਾਸਨ ਖਿਲਾਫ ਭੜਾਸ ਕੱਢੀ। ਪ੍ਰਾਪਤ ਜਾਣਕਾਰੀ ਅਨੁਸਾਰ ਨਰੋਤਮ ਦਾਸ ਨਾਮੀ ਵਿਅਕਤੀ ਦੀ ਭੂਆ ਦੇ ਲੜਕੇ ਵੱਲੋਂ ਸਦਰ ਬਾਜ਼ਾਰ 'ਚ ਇੰਟਰਲਾਕਿੰਗ ਟਾਈਲਾਂ ਦਾ ਕੰਮ ਕੀਤਾ ਜਾ ਰਿਹਾ ਹੈ। ਰਾਤ ਸਮੇਂ ਗੋਦਾਮ 'ਚ ਪਈਆਂ ਟਾਈਲਾਂ ਇਕ ਵਿਅਕਤੀ ਚੋਰੀ ਕਰ ਕੇ ਲੈ ਗਿਆ। ਜਦੋਂ ਨਰੋਤਮ ਦਾਸ ਚੋਰੀ ਕਰਨ ਵਾਲੇ ਵਿਅਕਤੀ ਦੇ ਘਰ ਉਲਾਂਭਾ ਦੇਣ ਗਿਆ ਤਾਂ ਉਥੇ ਉਸਦੀ ਕੁੱਟਮਾਰ ਕਰ ਕੇ ਕੱਪੜੇ ਪਾੜ ਦਿੱਤੇ ਗਏ, ਜਿਸ ਦੇ ਰੋਸ ਵਜੋਂ ਨਰੋਤਮ ਦਾਸ ਦੇ ਪਰਿਵਾਰਕ ਮੈਂਬਰਾਂ ਨੇ ਕੌਂਸਲਰ ਬੁੱਧ ਰਾਮ ਕਾਲਾ, ਕੌਂਸਲਰ ਗੁਰਮੀਤ ਰੋੜ, ਕੌਂਸਲਰ ਵਿਨੋਦ ਕਾਲਾ, ਰਾਕੇਸ਼ ਢਿਲਵਾਂ, ਅਵਧ ਕਿਸ਼ੋਰ, ਪ੍ਰੀਤਮ ਸਿੰਘ, ਮੋਹਿਤ ਮੇਸ਼ੀ, ਬਜਰੰਗ ਦਲ ਦੇ ਸਾਹਿਲ ਬਾਂਸਲ, ਸ਼ਿਵਮ ਬਾਂਸਲ, ਭੋਲਾ ਢਿਲਵਾਂ ਆਦਿ ਸਣੇ ਪੁਲਸ ਖਿਲਾਫ ਰੋਸ ਪ੍ਰਗਟ ਕਰਦਿਆਂ ਥਾਣਾ ਮੁਖੀ 'ਤੇ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਦੂਜੇ ਪਾਸੇ ਥਾਣਾ ਮੁਖੀ ਨੇ ਦੋਸ਼ਾਂ ਨੂੰ ਨਕਾਰਦਿਆਂ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਕਾਰਵਾਈ ਦੇ ਭਰੋਸੇ 'ਤੇ ਚੁੱਕਿਆ ਧਰਨਾ ਘਟਨਾ ਦਾ ਪਤਾ ਲੱਗਦੇ ਹੀ ਡੀ. ਐੱਸ. ਪੀ. ਬਰਨਾਲਾ ਰਾਜੇਸ਼ ਛਿੱਬਰ, ਡੀ. ਐੱਸ. ਪੀ. ਕੁਲਦੀਪ ਸਿੰਘ ਵਿਰਕ, ਐੱਸ. ਐੱਚ. ਓ. ਤਪਾ ਰਛਪਾਲ ਸਿੰਘ, ਐੱਸ. ਐੱਚ. ਓ. ਭਦੌੜ ਪ੍ਰਗਟ ਸਿੰਘ, ਐੱਸ. ਐੱਚ. ਓ. ਸ਼ਹਿਣਾ ਜਗਜੀਤ ਸਿੰਘ, ਐੱਸ. ਐੱਚ. ਓ. ਰੁੜੇਕੇ ਕਲਾਂ ਮਨਜੀਤ ਸਿੰਘ, ਐੱਸ. ਐੱਚ. ਓ. ਥਾਣਾ ਸਦਰ ਗੌਰਵਵੰਸ਼, ਸੀ. ਆਈ. ਏ. ਦੇ ਇੰਚਾਰਜ ਬਲਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਬੁਲਾਕੇ ਸਬੰਧਿਤ ਵਿਅਕਤੀ ਖਿਲਾਫ ਜ਼ਿਲਾ ਪੁਲਸ ਨਾਲ ਗੱਲਬਾਤ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ 'ਤੇ ਧਰਨਾ ਖਤਮ ਕਰ ਦਿੱਤਾ ਗਿਆ।


Related News