ਪੁਰਾਣੀ ਰੰਜਿਸ਼ ਕਾਰਨ ਘਰ ''ਚ ਵੜ ਕੇ ਕੀਤਾ ਹਮਲਾ

Wednesday, Sep 20, 2017 - 11:52 PM (IST)

ਜਲਾਲਾਬਾਦ(ਜਤਿੰਦਰ)—ਪਿੰਡ ਧਰਮੂਵਾਲਾ (ਮੋਹਰ ਸਿੰਘ ਵਾਲਾ) ਨਿਵਾਸੀ ਸਤਨਾਮ ਸਿੰਘ ਨਾਮਕ ਵਿਅਕਤੀ ਦੇ ਘਰ 'ਚ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਪਰਿਵਾਰ ਨੂੰ ਜਾਨ-ਮਾਲ ਦਾ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਘਰ 'ਚ ਵੜ ਕੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕੁਝ ਵਿਅਕਤੀਆਂ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜੋ ਕਿ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ। ਬੀਤੇ ਦਿਨ ਉਕਤ ਵਿਅਕਤੀ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਨਾਲ ਲੈ ਕੇ ਉਸਦੇ ਘਰ ਆਏ ਅਤੇ ਉਸਨੂੰ ਰਾਜ਼ੀਨਾਮੇ ਲਈ ਕਹਿਣ ਲੱਗੇ ਪਰ ਜਦੋਂ ਉਨ੍ਹਾਂ ਵੱਲੋਂ ਅਦਾਲਤ ਦੇ ਫੈਸਲੇ ਦੀ ਉਡੀਕ ਕਰਨ ਦੀ ਗੱਲ ਕਰਦੇ ਹੋਏ ਰਾਜ਼ੀਨਾਮਾ ਕਰਨ ਤੋਂ ਮਨਾ ਕੀਤਾ ਗਿਆ ਤਾਂ ਉਕਤ ਵਿਅਕਤੀ ਰੰਜਿਸ਼ ਦੇ ਤਹਿਤ ਬੀਤੀ ਰਾਤ ਕਰੀਬ 12 ਵਜੇ ਧੱਕੇ ਨਾਲ ਉਸਦੇ ਘਰ 'ਚ ਵੜ ਆਏ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਘਰ ਤੇ ਇੱਟਾਂ ਰੋੜੇ ਵਰਾਉਣੇ ਸ਼ੁਰੂ ਕਰ ਦਿੱਤੇ। ਪਰਿਵਾਰ 'ਤੇ ਹੋਏ ਹਮਲੇ ਕਾਰਨ ਉਹ ਕਮਰੇ ਅੰਦਰ ਵੜ ਗਏ ਅਤੇ ਆਪਣੇ ਆਪ ਨੂੰ ਬੰਦ ਕਰ ਲਿਆ ਨਹੀਂ ਤਾ ਉਨ੍ਹਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਹਮਲਾਵਰਾਂ ਵੱਲੋਂ ਕੀਤੇ ਪਥਰਾਅ ਕਾਰਨ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਟੁੱਟ ਗਏ। ਪੀੜਤ ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਹਮਲਾਵਰ ਜਾਂਦੇ ਹੋਏ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਨਤੀਜਾ ਭੁਗਤਣ ਦੀ ਚਿਤਾਵਨੀ ਦੇ ਗਏ। ਸਤਨਾਮ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਦੀ ਗੁਹਾਰ ਲਾਈ ਹੈ।


Related News