ਚੌਂਕੀ ਲਾਉਣ ਵਾਲੇ ਵਿਅਕਤੀ ''ਤੇ ਹਮਲਾ

08/30/2017 6:33:28 AM

ਤਪਾ ਮੰਡੀ(ਮਾਰਕੰਡਾ)- 28 ਅਗਸਤ ਨੂੰ ਕੁਝ ਵਿਅਕਤੀਆਂ ਨੇ ਇਕ ਚੌਂਕੀ ਲਾਉਣ ਵਾਲੇ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਵਿਚ ਦਾਖ਼ਲ ਚਮਕੀਲਾ ਸਿੰਘ ਪੁੱਤਰ ਮੇਘਾ ਸਿੰਘ ਵਾਸੀ ਅੰਮ੍ਰਿਤਸਰੀ ਬਸਤੀ ਤਪਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਲਾਈਟ ਡੈਕੋਰੇਸ਼ਨ ਅਤੇ ਸਾਊਂਡ ਦਾ ਕੰਮ ਕਰਦਾ ਹੈ ਅਤੇ ਆਪਣੇ ਘਰ ਵਿਚ ਪੀਰਾਂ ਦੀ ਚੌਂਕੀ ਵੀ ਲਾਉਂਦਾ ਹੈ। ਕੁਝ ਵਿਅਕਤੀ ਉਸਨੂੰ ਕਾਫ਼ੀ ਦੇਰ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ। ਉਹ ਉਸਨੂੰ ਕਈ ਦਿਨਾਂ ਤੋਂ ਮੁਹੱਲੇ ਵਿਚ ਚੌਂਕੀ ਲਾਉਣ ਤੋਂ ਮਨ੍ਹਾ ਕਰ ਰਹੇ ਸਨ।
ਜ਼ਖ਼ਮੀ ਚਮਕੀਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਲ ਨਾ ਮੰਨਣ ਕਾਰਨ ਉਹ ਉਸਦੇ ਘਰ ਅੱਗੇ ਬੱਕਰੀਆਂ ਨੂੰ ਛੱਡਣ ਲੱਗ ਪਏ, ਜਿਨ੍ਹਾਂ ਨੂੰ ਰੋਕਣ 'ਤੇ ਕੱਲ ਸਵੇਰੇ 10 ਵਜੇ 5 ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੇ ਸਿਰ ਵਿਚ ਟਾਂਕੇ ਲੱਗੇ ਹਨ। ਪੀੜਤ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਰਾਤ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਸੀ ਅਤੇ ਉਸਦੀ ਪਤਨੀ ਘਰ ਵਿਚ ਇਕੱਲੀ ਸੀ ਤਾਂ ਉਕਤ ਹਮਲਾਵਰਾਂ ਨੇ ਉਸਦੇ ਘਰ ਅੱਗੇ ਖੜ੍ਹ ਕੇ ਗਾਲ੍ਹਾਂ ਕੱਢੀਆਂ ਅਤੇ ਖਿੜਕੀ ਦੇ ਸ਼ੀਸ਼ੇ ਭੰਨ ਦਿੱਤੇ। ਪੀੜਤ ਨੇ ਹਮਲਾਵਰਾਂ ਪ੍ਰਤੀ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਗਈ ਹੈ। ਇਨ੍ਹਾਂ ਦਾ ਪੁਰਾਣਾ ਰੰਜਿਸ਼ ਦਾ ਮਾਮਲਾ ਹੈ। ਜਾਂਚ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੀੜਤ ਨਾਲ ਮਨਦੀਪ ਸਿੰਘ, ਬੰਤ ਸਿੰਘ, ਅਜੇ ਕੁਮਾਰ, ਅਮਰਜੀਤ ਕੌਰ, ਜਤਿੰਦਰ ਕੁਮਾਰ ਤੇ ਮਨੀ ਆਦਿ ਵੀ ਹਾਜ਼ਰ ਸਨ।


Related News