ਐਕਸਾਈਜ਼ ਵਿਭਾਗ ਦੀ ਟੀਮ ਅਤੇ ਸਟਾਫ ''ਚ ਝੜਪ ਕੈਟਰ ਤੇ ਸਕਿਓਰਿਟੀ ਗਾਰਡਾਂ ਸਮੇਤ 4 ਖਿਲਾਫ ਕੇਸ ਦਰਜ

Tuesday, Aug 01, 2017 - 01:23 AM (IST)

ਪਟਿਆਲਾ(ਬਲਜਿੰਦਰ)-ਅਰਬਨ ਅਸਟੇਟ ਦੇ ਫੇਜ਼-3 ਵਿਚ ਸਥਿਤ ਈਲੀਟ ਕਲੱਬ ਵਿਚ ਬੀਤੀ ਰਾਤ ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ਅਤੇ ਕਲੱਬ ਮੈਂਬਰਾਂ ਵਿਚਕਾਰ ਝੜਪ ਹੋ ਗਈ। ਇਸ ਵਿਚ ਕਲੱਬ ਦਾ ਇਕ ਵੇਟਰ ਰਘੁਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਅਰਸ਼ ਅਤੇ ਪੱਪੂ ਕੈਟਰ, ਜਸਵਿੰਦਰ ਅਤੇ ਮਨਜੀਤ ਸਕਿਓਰਿਟੀ ਗਾਰਡਾਂ ਖਿਲਾਫ 353, 186, 427 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਈਲੀਟ ਕਲੱਬ ਵਿਚ ਵੱਡੇ ਪੱਧਰ 'ਤੇ ਹੰਗਾਮਾ ਹੋਇਆ। ਇਸ ਵਿਚ ਜਿੱਥੇ ਇਕ ਪਾਸੇ ਕਲੱਬ ਦੇ ਐਗਜ਼ੈਕਟਿਵ ਮੈਂਬਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ 'ਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ, ਉਥੇ ਐਕਸਾਈਜ਼ ਵਿਭਾਗ ਦੀ ਟੀਮ ਨੇ ਚੈਕਿੰਗ ਕਰਨ ਲਈ ਟੀਮ ਨੂੰ ਬੰਦੀ ਬਣਾਉਣ ਦਾ ਦੋਸ਼ ਲਾਉਂਦੇ ਹੋਏ ਆਪੋ-ਆਪਣੀਆਂ ਸ਼ਿਕਾਇਤਾਂ ਦਿੱਤੀਆਂ। ਹੰਗਾਮੇ ਤੋਂ ਬਾਅਦ ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਅਤੇ ਡੀ. ਐੈੱਸ. ਪੀ. ਸਿਟੀ-2 ਸੁਖਅੰਮ੍ਰਿਤ ਸਿੰਘ ਰੰਧਾਵਾ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।  ਦੂਜੇ ਪਾਸੇ ਈਲੀਟ ਕਲੱਬ ਦੇ ਮੈਂਬਰਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਰੱਜ ਕੇ ਗੁੰਡਾਗਰਦੀ ਵੀ ਕੀਤੀ ਗਈ। ਉਲਟਾ ਕੇਸ ਵੀ ਉਨ੍ਹਾਂ ਦੇ ਵਿਅਕਤੀਆਂ 'ਤੇ ਦਰਜ ਕਰਵਾ ਦਿੱਤਾ ਗਿਆ, ਜਿਸ ਨੂੰ ਲੈ ਕੇ ਕਲੱਬ ਦੇ ਪ੍ਰਧਾਨ ਏ. ਸੀ. ਏ. ਪੁੱਡਾ ਹਰਪ੍ਰੀਤ ਸਿੰਘ ਸੂਦਨ, ਜਨਰਲ ਸਕੱਤਰ ਅਜੇ ਮਿੱਤਲ ਅਤੇ ਚੀਫ ਪੈਟਰਨ ਤੇ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਐਲਾਨ ਕੀਤਾ ਕਿ ਉਹ ਐਕਸਾਈਜ਼ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਗੁੰਡਾਗਰਦੀ ਕਰਨ ਵਾਲੀ ਟੀਮ ਖਿਲਾਫ ਵਿਭਾਗੀ ਕਾਰਵਾਈ ਅਤੇ ਪੁਲਸ ਦੇ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਰੇਡ ਕਰਨ ਵਾਲਾ ਇੰਸਪੈਕਟਰ ਕੁੱਝ ਦਿਨ ਪਹਿਲਾਂ ਆ ਕੇ ਉਥੇ ਡਰਿੰਕ ਮੰਗ ਰਿਹਾ ਸੀ। ਜਦੋਂ ਕੇਟਰ ਨੇ ਉਸ ਤੋਂ ਪੈਸੇ ਮੰਗੇ ਤਾਂ ਕੇਟਰ ਨੇ ਐਕਸਾਈਜ਼ ਇੰਸਪੈਕਟਰ ਨੂੰ ਕਿਹਾ ਕਿ ਉਹ ਆਪਣੇ ਸਿਰਫ 10 ਫੀਸਦੀ ਛੱਡ ਸਕਦਾ ਹੈ, ਬਾਕੀ ਉਸ ਦੇ ਹੱਥ ਵਿਚ ਨਹੀਂ ਹੈ ਤਾਂ ਉਹ ਇੰਸਪੈਕਟਰ 'ਦੇਖ ਲੈਣ' ਦੀ ਧਮਕੀ ਦੇ ਕੇ ਚਲਾ ਗਿਆ। ਰਾਤ ਨੂੰ ਉਸੇ ਇੰਸਪੈਕਟਰ ਨੇ ਆ ਕੇ ਆਪਣੀ ਟੀਮ ਨਾਲ ਹੰਗਾਮਾ ਕੀਤਾ। ਜੇਕਰ ਉਸ ਨੇ ਕੋਈ ਕਾਰਵਾਈ ਕਰਨੀ ਸੀ ਤਾਂ ਉਹ ਬਾਰ ਸੀਲ ਕਰਦਾ, ਨਾ ਕਿ ਗੁੰਡਾਗਰਦੀ। ਕਲੱਬ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਪਹਿਲਾਂ ਸਕਿਓਰਿਟੀ ਗਾਰਡ ਨਾਲ ਕੁੱਟਮਾਰ ਕੀਤੀ। ਫਿਰ ਅੰਦਰ ਕੇਟਰ ਨਾਲ ਕੁੱਟਮਾਰ ਕੀਤੀ। ਇਸੇ ਦੌਰਾਨ ਉਨ੍ਹਾਂ ਦਾ ਇਕ ਵੇਟਰ ਰਘੁਵੀਰ ਸਿੰਘ ਉੱਪਰੋਂ ਛੱਤ ਤੋਂ ਡਿੱਗ ਪਿਆ ਤੇ ਜ਼ਖਮੀ ਹੋ ਗਿਆ ਜੋ ਕਿ ਚੰਡੀਗੜ੍ਹ ਦੇ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਵੇਟਰ ਅਤੇ 2 ਸਕਿਓਰਿਟੀ ਗਾਰਡਾਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News