ਮਾਲ ਤਾਂ ਲੈ ਲਿਆ ਪਰ ਨਹੀਂ ਕੀਤਾ ਲੱਖਾਂ ਦਾ ਭੁਗਤਾਨ, ਮਾਮਲਾ ਦਰਜ
Sunday, Jul 23, 2017 - 04:46 AM (IST)

ਖੰਨਾ(ਸੁਨੀਲ)—ਮਾਲ ਦੇ ਬਦਲੇ ਪੈਸੇ ਨਾ ਦੇਣ ਦੇ ਇਕ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੰਜੀਵ ਪੁੱਤਰ ਬਾਲ ਮੁਕੰਦ ਨਿਵਾਸੀ ਮਕਾਨ ਨੰਬਰ 55 ਵਾਰਡ ਨੰਬਰ 33 ਮੁਹੱਲਾ ਬ੍ਰਹਮਪੁਰੀ ਨੇ ਦੱਸਿਆ ਕਿ ਉਹ ਸਥਾਨਕ ਅਨਾਜ ਮੰਡੀ 'ਚ ਦੁਕਾਨ 'ਚ ਫਲੋਰ ਮਿੱਲ ਚਲਾਉਂਦਾ ਹੈ ਅਤੇ ਉਹ ਆਟਾ, ਮੈਦਾ, ਸੂਜੀ ਬਣਾਉਂਦੇ ਹੋਏ ਇਸ ਨੂੰ ਬਾਜ਼ਾਰ 'ਚ ਵੇਚਣ ਦਾ ਕੰਮ ਕਰਦਾ ਹੈ। ਇਸ ਵਿਚ ਕਥਿਤ ਦੋਸ਼ੀ ਦੇ ਨਾਲ ਸ਼ਿਕਾਇਤਕਰਤਾ ਨੇ ਮੈਸਰਜ਼ ਭਾਮੀਆਂ ਟਰੇਡਰਜ਼ ਖਮਾਣੋਂ ਵਿਚ ਆਪਣੀ ਪਾਰਟਨਰਸ਼ਿਪ ਕਰ ਲਈ। ਕਥਿਤ ਦੋਸ਼ੀ ਆਪਣੀ ਫ਼ਰਮ ਵਿਚ ਜ਼ਿਮੀਂਦਾਰਾਂ ਦੀ ਫ਼ਸਲ ਨੂੰ ਖ਼ਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪਾਰਟਨਰਸ਼ਿਪ ਵੱਲੋਂ ਪਹਿਲਾਂ ਕਥਿਤ ਦੋਸ਼ੀ ਨੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਆਪਣੀ ਫ਼ਰਮ ਦਾ ਮਾਲਕ ਹੈ, ਜਿਸ ਦੇ ਚੱਲਦੇ ਸ਼ਿਕਾਇਤਕਰਤਾ ਵਲੋਂ ਸਾਲ 2014 ਵਿਚ ਉਨ੍ਹਾਂ ਦੀਆਂ ਫਰਮਾਂ ਤੋਂ ਮਾਲ ਖ਼ਰੀਦ ਕੇ ਅੱਗੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਕਥਿਤ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਉਹ ਉਨ੍ਹਾਂ ਦਾ ਮਾਲ ਸਰਕਾਰੀ ਅਦਾਰਿਆਂ ਵਿਚ ਵੇਚਦਾ, ਜਿਥੇ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਅਦ ਵਿਚ ਪੁਸ਼ਟੀ ਕਰਨ 'ਤੇ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਕਥਿਤ ਦੋਸ਼ੀ ਦੇ ਕੋਲ ਅਜਿਹਾ ਕੋਈ ਸਰਕਾਰੀ ਠੇਕਾ ਨਹੀਂ ਸੀ। ਇਸ ਤਰ੍ਹਾਂ ਉਸ ਨੇ ਵੱਖ-ਵੱਖ ਬਿੱਲਾਂ ਦੇ ਜ਼ਰੀਏ 62 ਲੱਖ 21 ਹਜ਼ਾਰ 16 ਰੁਪਏ ਦਾ ਮਾਲ ਖ਼ਰੀਦਿਆ ਅਤੇ ਪੈਸੇ ਮੰਗਣ ਉੱਤੇ ਕਥਿਤ ਦੋਸ਼ੀ ਟਾਲਮਟੋਲ ਕਰਦਾ ਰਿਹਾ। ਇਸ ਦੌਰਾਨ ਕਥਿਤ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਦੋ ਚੈੱਕਾਂ ਦੇ ਜ਼ਰੀਏ 18 ਲੱਖ 4 ਹਜ਼ਾਰ 118 ਰੁਪਏ ਦੀ ਅਦਾਇਗੀ ਕੀਤੀ ਅਤੇ ਬਾਕੀ 44 ਲੱਖ 16 ਹਜ਼ਾਰ 898 ਰੁਪਏ ਨਹੀਂ ਦਿੱਤੇ। ਪੁਲਸ ਨੇ ਕਥਿਤ ਦੋਸ਼ੀ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।