ਸਹੁਰੇ ਪਰਿਵਾਰ ਨੇ ਵਿਆਹੁਤਾ ਨੂੰ ਕੁੱਟ-ਕੁੱਟ ਕੇ ਕਰ ''ਤਾ ਬੇਹੋਸ਼
Tuesday, Jul 11, 2017 - 02:04 AM (IST)
ਸ਼ੁਤਰਾਣਾ(ਜ. ਬ.)-ਬੀਤੇ ਦਿਨ ਪਾਤੜਾਂ ਦੀ ਇਕ ਲੜਕੀ ਨਾਲ ਸਹੁਰੇ ਪਰਿਵਾਰ ਨੇ ਬੇਤਹਾਸ਼ਾ ਕੁੱਟਮਾਰ ਕੀਤੀ। ਲੜਕੀ ਨੂੰ ਬੇਰਹਿਮੀ ਨਾਲ ਕੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਪਾਤੜਾਂ ਦੇ ਪੁਰਾਣੇ ਬੱਸ ਸਟੈਂਡ 'ਤੇ ਸੁੱਟ ਗਏ। ਪਤਾ ਲੱਗਣ 'ਤੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਦੋਂ ਲੜਕੀ ਨੂੰ ਹੋਸ਼ ਆਈ ਤਾਂ ਪੁਲਸ ਨੇ ਉਸ ਦੇ ਸਰੀਰ 'ਤੇ ਮੋਟੇ-ਮੋਟੇ ਨੀਲ ਦੇਖ ਕੇ ਪਤੀ, ਸੱਸ, ਸਹੁਰਾ ਅਤੇ ਦਿਓਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੇ ਸਹੁਰੇ ਪਰਿਵਾਰ ਨੂੰ ਫੜਨ ਲਈ ਗਸ਼ਤ ਤੇਜ਼ ਕਰ ਦਿੱਤੀ ਹੈ। ਡੀ. ਐੈੱਸ. ਪੀ. ਦਵਿੰਦਰ ਅਤਰੀ ਨੇ ਦੱਸਿਆ ਕਿ ਲੜਕੀ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਲੜਕੀ ਦੇ ਪਿਤਾ ਸਤਿਆਵਾਨ ਐੈੱਮ. ਸੀ. (ਭਾਜਪਾ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਦਾ ਵਿਆਹ ਅੱਜ ਤੋਂ 4 ਸਾਲ ਪਹਿਲਾਂ ਜੀਂਦ ਦੇ ਵਿਕਾਸ ਨਾਲ ਕੀਤਾ ਸੀ। ਉਹ ਲੜਕੀ ਨੂੰ ਦਾਜ ਲਈ ਸ਼ੁਰੂ ਹੀ ਤੋਂ ਤੰਗ-ਪ੍ਰੇਸ਼ਾਨ ਕਰ ਕੇ ਕੁੱਟਮਾਰ ਕਰਦੇ ਸਨ। ਅਸੀਂ ਆਪਣੀ ਲੜਕੀ ਦਾ ਘਰ ਵਸਾਉਣ ਦੇ ਚੱਕਰ ਵਿਚ ਸਮਝਾ ਕੇ ਆ ਜਾਂਦੇ ਸੀ। ਇਨ੍ਹਾਂ 4 ਸਾਲਾਂ ਵਿਚ ਉਸ ਦੇ ਬੱਚਾ ਨਹੀਂ ਹੋਇਆ, ਜਿਸ ਦੇ ਤਾਹਨੇ ਮਾਰਦੇ ਸਨ ਅਤੇ ਜ਼ੁਲਮ ਕਰਦੇ ਸਨ। ਮੇਰੀ ਲੜਕੀ ਨੂੰ ਇੰਨਾ ਜ਼ਿਆਦਾ ਕੁੱਟਿਆ ਜਿਸ ਤਰ੍ਹਾਂ ਕੋਈ ਕਸਾਈ ਜਾਨਵਰ ਨੂੰ ਕੁਟਦਾ ਹੈ। ਉਸ ਦੇ ਸਾਰੇ ਸਰੀਰ 'ਤੇ ਰਾਡ ਨਾਲ ਕੁੱਟ ਦੇ ਮੋਟੇ-ਮੋਟੇ ਨੀਲ ਪਏ ਹੋਏ ਹਨ। ਮੇਰੀ ਲੜਕੀ ਇੰਨਾ ਜ਼ਿਆਦਾ ਡਰੀ ਹੋਈ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਦਾ ਨਾਂ ਸੁਣ ਕੇ ਕੰਬਣ ਲੱਗ ਜਾਂਦੀ ਹੈ। ਪੁਲਸ ਨੇ ਵੀ ਉਸ ਦਾ ਹਾਲ ਦੇਖ ਕੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
